The Hind Canadian Times

A Multilingual International Magazine

The Hind Canadian Times

A Multilingual International Magazine

thehindcanadiantimesWorld Punjabi Conference 2025

ਲਾਹੌਰ ਵਿਖੇ ਹੋ ਰਹੀ ਤਿੰਨ ਰੋਜਾ ਵਰਲਡ ਪੰਜਾਬੀ ਕਾਨਫਰੰਸ ਦੇ ਆਖ਼ਰੀ ਦਿਨ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਗਈ

Lahore, 21 Jan 2025 (The Hind Canadian Times) : ਲਾਹੌਰ ਵਿਖੇ ਹੋ ਰਹੀ ਤਿੰਨ ਰੋਜਾ ਵਰਲਡ ਪੰਜਾਬੀ ਕਾਨਫਰੰਸ ਦੇ ਆਖ਼ਰੀ  ਦਿਨ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਗਈ । ਬੁੱਲਾ ਸਾਡਾ, ਵਾਰਸ ਸਾਡਾ, ਨਾਨਕ ਸਾਡਾ, ਸ਼ਾਹ ਹੁਸੈਨ ਸਾਡਾ.. !  ਇਸ ਮੌਕੇ ਦੋਵੇਂ ਪਾਸੇ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਗਈ ਕਿ ਪੰਜਾਬੀਆਂ ਨੂੰ ਮਿਲਣ ਦੀ ਖੁੱਲੀ ਇਜਾਜ਼ਤ ਹੋਣੀ ਚਾਹੀਦੀ ਹੈ । ਅੱਜ ਦੇ ਸੈਸ਼ਨ ਵਿੱਚ ਸੂਫੀਵਾਦ ਦੇ ਅਨੁਸਾਰ ਔਰਤ ਦੇ ਸਮਾਜ ਵਿੱਚ ਰੋਲ ਬਾਰੇ ਗੱਲਬਾਤ ਕੀਤੀ ਗਈ । ਸੂਫੀ ਪਰੰਪਰਾ ਦੀ ਰੋਸ਼ਨੀ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ ਗਿਆ । ਇਸ ਤੋਂ ਇਲਾਵਾ ਵਰਲਡ  ਪੰਜਾਬੀ ਕਾਨਫਰੰਸ ਦੇ ਭਾਰਤ ਚੈਪਟਰ ਦੁਆਰਾ ਚੁਣੇ ਗਏ ਹੋਰ ਵਿਸ਼ਿਆਂ ਤੇ ਦੋ ਪੇਪਰ ਪੜ੍ਹੇ ਗਏ । ਦੁਪਹਿਰ ਦੇ ਖਾਣੇ ਤੋਂ ਬਾਅਦ ਪੰਜਾਬ ਦੀ ਸੂਫੀ ਪਰੰਪਰਾ ਬਾਰੇ ਪੰਜਾਬੀ ਕਵਿਤਾ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਛੇ ਕਵੀਆਂ ਨੇ ਹਿੱਸਾ ਲਿਆ ।

ਕਾਨਫਰੰਸ ਦੇ ਆਖ਼ਿਰ ਵਿੱਚ ਅਲਹਮਰਾਹ ਹਾਲ ਨੰਬਰ ਦੋ ਵਿੱਚ ਮੇਲਾ ਕਰਵਾਇਆ ਗਿਆ । ਇਸ ਵਿੱਚ ਮਾਨਯੋਗ ਸਾਰੇ ਕਲਾਕਾਰਾਂ ਨੇ ਸ਼ਿਰਕਤ ਕੀਤੀ ਅਤੇ ਪੰਜਾਬੀ ਗੀਤਾਂ ਨਾਲ ਮਨੋਰੰਜਨ ਕੀਤਾ । ਲਾਹੌਰ ਦੇ ਪੰਜਾਬੀਆਂ ਨੇ ਖੂਬ ਦਾਦ ਦੇ ਕੇ ਕਲਾਕਾਰਾਂ ਦਾ ਹੌਸਲਾ ਵਧਾਇਆ । ਕੱਲ ਇਹ ਮਹਿਮਾਨ ਨਨਕਾਨਾ ਸਾਹਿਬ ਅਤੇ ਪਰਸੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ  । ਕੱਲ ਗਵਰਨਰ ਸਾਹਿਬ ਵੱਲੋਂ ਇਹਨਾਂ ਦੇ ਸਨਮਾਨ ਵਿੱਚ ਦਾਵਤ ਦਾ ਵੀ ਪ੍ਰਬੰਧ ਕੀਤਾ ਗਿਆ ਹੈ । ਇਸ ਮੌਕੇ ਹੋਰ ਵੀ ਮਨਿਸਟਰ ਸ਼ਿਰਕਤ ਕਰਨਗੇ । ਇਹ ਕਾਨਫਰੰਸ ਜੋ ਕਿ ਸੂਫੀ ਮਤ ਤੇ ਅਧਾਰਤ ਸੀ -ਸਭ ਬੰਦੇ ਰੱਬ ਦੇ ਹਨ ਤੇ ਸਭ ਨਾਲ ਪ੍ਰੇਮ ਕਰੋ ਏਕਤਾ ਦੀ ਗੱਲ ਕਰੋ ਬਸ ਇਹੋ ਜਿੰਦਗੀ ਦਾ ਤੱਤ ਹੈ । 

ਦੀਪਕ ਮਨਮੋਹਨ ਹੋਰਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਪੰਜਾਬੀਆਂ ਨੂੰ ਪਿਆਰ ਤੇ ਮੁਹੱਬਤ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ । ਉਜਾੜੇ ਦੀ ਕਾਲੀ ਰਾਤ ਮੁੱਕ ਗਈ ਹੈ । ਅੱਜ ਪੰਜਾਬੀ ਪੰਜਾਬੀ ਨੂੰ ਮਿਲ ਰਿਹਾ ਹੈ । ਪੰਜਾਬੀਆਂ ਨੂੰ ਇੱਕ ਦੂਜੇ ਨਾਲ ਇਸੇ ਤਰ੍ਹਾਂ ਹੀ ਮਿਲਣਾ ਚਾਹੀਦਾ ਹੈ । ਆਪਸ ਵਿੱਚ ਦੋਵੇਂ ਪਾਸਿਓਂ ਵਪਾਰ ਵਧਾਣਾ ਚਾਹੀਦਾ ਹੈ,ਪੰਜਾਬ ਦੀ ਏਕਤਾ ਦੀ ਗੱਲ ਕਰੋ । ਫ਼ਖ਼ਰ ਜਮਾਨ, ਚੇਅਰਮੈਨ ਵਰਲਡ ਪੰਜਾਬੀ ਕਾਨਫਰੰਸ ਨੇ ਕਿਹਾ ਕਿ ਬੰਦੇ ਇੱਕ ਮੁੱਠ ਹੋ ਜਾਣ ਤਾਂ ਸਰਕਾਰਾਂ ਵੀ ਨੀਵੀਆਂ ਪੈ ਜਾਂਦੀਆਂ ਹਨ । 

ਇਸ ਮੌਕੇ ਅਨੀਤਾ ਸ਼ਬਦੀਸ਼ ਵੱਲੋਂ ਔਰਤ ਤੇ ਅਧਾਰਤ ਇੱਕ ਨਾਟਕ ਦੀ ਪੇਸ਼ ਕੀਤਾ ਗਿਆ । ਇਸ ਵਿੱਚ ਉਹਨਾਂ ਨੇ ਕਮਾਲ ਦੀ ਅਦਾਕਾਰੀ ਕੀਤੀ ਆਪਣੇ ਇਸ ਨਾਟਕ ਵਿੱਚ ਉਹਨਾਂ ਨੇ ਪਾਕਿਸਤਾਨ  ਦੇ ਇੱਕ ਲੇਖਕ ਦੀ ਕਿਤਾਬ ਦਾ ਹਵਾਲਾ ਦਿੱਤਾ । ਉਹਨਾਂ ਨੇ ਲੋਕਾਂ ਨੂੰ ਇੱਕ ਬਹੁਤ ਹੀ ਵਧੀਆ ਸੁਨੇਹਾ ਦਿੱਤਾ । ਇਸ ਨਾਟਕ ਨੂੰ ਦੇਖ ਕੇ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ ।  ਆਰਿਫ ਲੁਹਾਰ ਨੇ ਵੀ ਆਪਣੀ ਪੇਸ਼ਕਾਰੀ ਨਾਲ ਵਾਹ ਵਾਹ ਖੱਟੀ । ਸਤਨਾਮ ਪੰਜਾਬੀ ਅਤੇ ਅਕਰਮ ਰਾਹੀ ਦੀ ਪਰਫਾਰਮੈਂਸ ਵੀ ਲਾਜਵਾਬ ਸੀ । ਇਸ ਮੌਕੇ ਪੰਮੀ ਬਾਈ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਅਗਲੇ ਸਾਲ ਇੱਥੇ ਇੱਕ ਮਿਊਜਿਕਲ ਸ਼ੋ ਕਰਵਾਉਣ । 

ਦੋਵਾਂ ਸਰਕਾਰਾਂ ਅੱਗੇ ਕਲਾਕਾਰਾਂ, ਸਾਹਿਤਕਾਰਾਂ ਤੇ ਲੇਖਕਾਂ ਨੇ ਬੇਨਤੀ ਕੀਤੀ ਕਿ ਪੰਜਾਬ ਨੂੰ ਮਿਲਣ ਦਿਓ । ਮਾਂਗਟ  ਜੀ ਨੇ ਕਿਹਾ ਪੰਜਾਬੀ ਦਾ ਪੰਜਾਬੀ ਨਾਲ ਦਿਲ ਧੜਕਦਾ ਹੈ । ਅਸੀਂ ਲਾਹੌਰ ਆਈਏ ਤੇ ਬਾਬੇ ਨਾਨਕ ਨੂੰ ਨਾ ਮਿਲੀਏ ਤਾਂ ਸਾਡਾ ਇੱਥੇ ਆਉਣਾ ਕਾਹਦਾ…! ਗਿੱਲ ਸਾਹਿਬ ਨੇ ਕਿਹਾ ਮੁਹੱਬਤ, ਅਮਨ ਤੇ ਭਾਈਚਾਰਾ ਪੰਜਾਬੀਆਂ ਨੂੰ ਕਾਇਮ ਰੱਖਣਾ ਚਾਹੀਦਾ ਹੈ, ਜਿੱਥੇ ਵਸੋ ਸੁਖੀ ਵਸੋ ,ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਪੰਜਾਬੀ ਹੋ । ਪੰਜਾਬੀ ਇੱਕ ਗੈਰਤਮੰਦ ਕੌਮ ਹੈ, ਦਲੇਰ ਕੌਮ ਹੈ ।  ਉਹਨਾਂ ਇੱਕ ਸ਼ੇਅਰ ਅਰਜ ਕਰਦਿਆਂ ਕਿਹਾ- ਮੈਂ 47 ਤੋਂ ਬਾਅਦ ਜੰਮਿਆ… ਮੇਰੇ ਪਿੰਡ ਦੇ ਲਾਸਾਂ ਕਿਉਂ ਨੇ ….! ਉਹਨਾਂ ਕਿਹਾ ਮੈਨੂੰ ਪਰਵਾਨਾ ਮਿਲ ਗਿਆ ਹੈ ਮੈਂ ਬਾਬੇ ਨਾਨਕ ਦੇ ਦਰਬਾਰ ਤੇ ਜਾਵਾਂਗਾ ਤੇ ਅਰਦਾਸ ਕਰਾਂਗਾ ਕਿ ਹੇ ਬਾਬਾ ਨਾਨਕ ਮਿਹਰ ਕਰ ,ਸਭ ਪੰਜਾਬੀ ਪਿਆਰ ਨਾਲ ਮੁਹੱਬਤ ਨਾਲ ਰਹਿਣ । ਇਧਰ ਦੇ ਲੋਕ ਤੇ ਉਧਰ ਦੇ ਲੋਕ ਮੇਰੇ ਦਿਲ ਦੇ ਬਹੁਤ ਕਰੀਬ ਹਨ ਕਿਉਂਕਿ ਮੇਰਾ ਪਿਛੋਕੜ ਹੀ ਇਥੋਂ ਦਾ ਹੈ । ਜਿਨਾ ਹਾਲਾਤਾਂ ਵਿੱਚ ਅਸੀਂ ਗਏ ਸਭ ਭੁੱਲ ਜਾਓ ਸਿਰਫ ਮੁਹੱਬਤ ਦੀ ਜੁਬਾਨ ਯਾਦ  ਰੱਖੋ । ਨਫਰਤ ਦੀ ਜੁਬਾਨ ਖਤਮ ਕਰ ਦਿਓ । ਪੰਜਾਬੀ ਜਿੱਥੇ ਵੀ ਵਸਣ ਸੁਖੀ ਵਸਣ ਤੇ ਪੰਜਾਬੀ ਜੁਬਾਨ ਨੂੰ ਪੂਰਾ ਸਤਿਕਾਰ ਮਿਲੇ । ਤਾਹੀਰਾ ਨੇ ਆਪਣਾ ਕਲਾਮ ਪੇਸ਼ ਕੀਤਾ – ਸਾਰੀ ਗਲਤੀ ਮੇਰੀ ਨਹੀਂ ….ਜੇ ਮੇਰੀ ਹੈ ਤਾਂ ਮੈਂ ਤੇਰੀ ਨਹੀਂ ….ਹੇਰਾ  ਫੇਰੀ ਨਹੀਂ ਜਿੰਨੀ ਹੋ ਗਈ ਹੈ ਬਥੇਰੀ ਨਹੀਂ । ਬਾਬਾ ਨਜਮੀ ਨੇ ਵੀ ਇਸ ਮੌਕੇ ਤੇ ਆਪਣੀ ਮੌਜੂਦਗੀ ਦਰਜ ਕਰਵਾਈ । ਭੁਲੇਖਾ ਅਖਬਾਰ ਦੇ ਐਡੀਟਰ ਬਟ ਸਾਹਿਬ, ਸ਼ਹਿਰ ਅਫ਼ਜ਼ਲ , ਅਲੀ ਉਸਮਾਨ ਬਾਜਵਾ ਤੇ ਹੋਰ ਪੰਜਾਬੀ ਦੇ ਸੇਵਕ ਵੀ ਮੌਜੂਦ ਸਨ। 

ਵਰਨਣਯੋਗ ਹੈ ਕਿ ਕਾਨਫਰੰਸ ਵਿੱਚ ਸ਼ਾਮਲ ਮਹਿਮਾਨ ਕੱਲ੍ਹ ਨਨਕਾਣਾ ਸਾਹਿਬ ਆਪਣੀ ਹਾਜਰੀ ਭਰਨਗੇ । ਹੈਡ ਗ੍ਰੰਥੀ ਵੱਲੋਂ ਉਹਨਾਂ ਨੂੰ ਜੀ ਆਇਆ ਆਖਿਆ ਜਾਏਗਾ । ETBP ਦੇ Additional Secretory Shrines Saifullah Khokhar ਵੱਲੋਂ ਪਾਕਿਸਤਾਨ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਮਹਿਮਾਨਾਂ ਲਈ ਕੁਝ ਖਾਸ ਪ੍ਰਬੰਧ ਵੀ ਕੀਤੇ ਗਏ ਹਨ । ਉਹ ਕੱਲ੍ਹ ਹਾਜ਼ਰ ਵੀ ਹੋਣਗੇ ਤੇ ਇਬਾਦਤ ਵੀ ਕਰਨਗੇ । ਗੁਰੂ ਦਾ ਅਟੁੱਟ ਲੰਗਰ ਵਰਤਿਆ ਜਾਏਗਾ । ਗਵਰਨਰ ਪੰਜਾਬ ਦੀ ਇਸ ਮੌਕੇ ਤੇ ਸ਼ਿਰਕਤ ਕਰਨਗੇ । ਫ਼ਖ਼ਰ ਜਮਾਨ, ਐਕਸ ਮਨਿਸਟਰ ਦੀ ਬੇਨਤੀ ਤੇ ਪਾਕਿਸਤਾਨ ਸਰਕਾਰ ਵੱਲੋਂ ਇਹਨਾਂ ਮਹਿਮਾਨਾਂ ਲਈ ਖ਼ਾਸ ਤੌਰ ਤੇ ਵੀਜੇ ਜਾਰੀ ਕੀਤੇ ਗਏ ਹਨ ।

Report
by : Ali Imran Chattha, Special Reporter, Lahore  (International Desk)

Leave a Reply

Your email address will not be published. Required fields are marked *