The Hind Canadian Times

A Multilingual International Magazine

The Hind Canadian Times

A Multilingual International Magazine

hardammaankhalsadiwansocietykuldeepsinghthandiunitedsikhandhinduassociation

ਮੌਡਰੇਟ ਸੁਸਾਇਟੀਆਂ ਵੱਲੋਂ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ‘ਯੂਨਾਈਟਡ ਸਿੱਖ ਐਂਡ ਹਿੰਦੂ ਐਸੋਸੀਏਸ਼ਨ ਆਫ਼ ਨੌਰਥ ਅਮਰੀਕਾ’ ਦਾ ਗਠਨ

ਸਰੀ, 24 ਦਸੰਬਰ (ਹਰਦਮ ਮਾਨ)- ਮੌਡਰੇਟ ਸਿੱਖ ਅਤੇ ਹਿੰਦੂ ਸੁਸਾਇਟੀਆਂ ਵੱਲੋਂ ਕੈਨੇਡਾ ਵਿਚ ਵਸਦੇ ਹਿੰਦੂ ਸਿੱਖ ਭਾਈਚਾਰੇ ਵਿਚਾਲੇ ਏਕਤਾ ਬਣਾਈ ਰੱਖਣ ਅਤੇ ਗੁਰੂ ਘਰਾਂ ਤੇ ਮੰਦਰਾਂ ਦੇ ਬਾਹਰ ਵਿਖਾਵਿਆਂ ਤੇ ਰੋਸ ਮੁਜ਼ਾਹਰਿਆਂ ਦਾ ਵਿਰੋਧ ਕਰਨ ਦਾ ਫੈਸਲਾ ਕਰਦਿਆਂ ‘ਯੂਨਾਈਟਡ ਸਿੱਖ ਐਂਡ ਹਿੰਦੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ’ ਦਾ ਗਠਨ ਕੀਤਾ ਗਿਆ ਹੈ।

ਇਸ ਸੰਬਧ ਵਿਚ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਦੇ ਸੱਦੇ ‘ਤੇ ਬੀਤੇ ਦਿਨੀਂ ਖ਼ਾਲਸਾ ਦੀਵਾਨ ਸੁਸਾਇਟੀ, ਰੌਸ ਸਟਰੀਟ ਵੈਨਕੂਵਰ ਵਿਖੇ ਮੌਡਰੇਟ ਸਿੱਖ ਅਤੇ ਹਿੰਦੂ ਸੁਸਾਇਟੀਆਂ ਦੀ ਇਕ ਭਰਵੀਂ ਮੀਟਿੰਗ ਹੋਈ ਜਿਸ ਵਿਚ ਲਗਭਗ 20 ਗੁਰਦੁਆਰਿਆਂ ਤੇ ਮੰਦਿਰਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਮੀਟਿੰਗ ਵਿਚ ਸਰਬਸੰਮਤੀ ਨਾਲ ‘ਯੂਨਾਈਟਡ ਸਿੱਖ ਐਂਡ ਹਿੰਦੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ’ ਨਾਮ ਦੀ ਜਥੇਬੰਦੀ ਦੇ ਸਥਾਪਿਤ ਕੀਤੀ ਗਈ ਅਤੇ ਕਸ਼ਮੀਰ ਸਿੰਘ ਧਾਲੀਵਾਲ ਨੂੰ ਇਸ ਜਥੇਬੰਦੀ ਦਾ ਪ੍ਰਧਾਨ ਤੇ ਮੁੱਖ ਬੁਲਾਰਾ ਚੁਣਿਆ ਗਿਆ।

ਮੀਟਿੰਗ ਦੌਰਾਨ ਕੈਨੇਡਾ ਵਿਚ ਵੱਖਵਾਦੀ ਤੇ ਧਰਮ ਦੇ ਨਾਮ ਤੇ ਫੁੱਟਪਾਊ ਤਾਕਤਾਂ ਦੀ ਸਖਤ ਨਿੰਦਾ ਕਰਦਿਆਂ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਅਹਿਦ ਕੀਤਾ ਗਿਆ। ਪਾਸ ਕੀਤੇ ਗਏ ਮਤਿਆਂ ਵਿਚ ਕੈਨੇਡਾ ਵਿਚ ਵਸਦੇ ਹਿੰਦੂ ਸਿੱਖ ਭਾਈਚਾਰੇ ਵਿਚਾਲੇ ਆਪਸੀ ਸਾਂਝ ਪਕੇਰੀ ਕਰਨ ਅਤੇ ਗੁਰੂ ਘਰਾਂ ਤੇ ਮੰਦਿਰਾਂ ਦੇ ਬਾਹਰ ਵਿਖਾਵਿਆਂ ਤੇ ਰੋਸ ਮੁਜ਼ਾਹਰਿਆਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਯੂਨਾਈਟਡ ਸਿੱਖ ਐਂਡ ਹਿੰਦੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਦੀ 20 ਮੈਂਬਰੀ ਕਮੇਟੀ ਵੀ ਬਣਾਈ ਗਈ।

ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਜਰਨੈਲ ਸਿੰਘ ਭੰਡਾਲ, ਗਿਆਨੀ ਹਰਕੀਰਤ ਸਿੰਘ, ਪਰਸ਼ੋਤਮ ਗੋਇਲ, ਬਲਵੰਤ ਸਿੰਘ ਸੰਘੇੜਾ, ਸੁਰਿੰਦਰ ਸਿੰਘ ਜੱਬਲ, ਪ੍ਰੀਤ ਸੰਧੂ, ਕੁਲਵੰਤ ਸਿੰਘ ਢੇਸੀ, ਕੁਲਦੀਪ ਸਿੰਘ, ਮਲਕੀਤ ਸਿੰਘ ਧਾਮੀ, ਬਲਜਿੰਦਰ ਸਿੰਘ ਬੈਂਸ, ਹਰਜੀਤ ਸੋਹਪਾਲ, ਗੋਪਾਲ ਲੋਹੀਆ, ਸਤੀਸ਼ ਕੁਮਾਰ, ਰਮੇਸ਼ ਬਖਸ਼ੀ, ਨਿਰਮਲ (ਨੋਰਮ) ਸੰਘਾ ਨੇ ਨੇ ਇਸ ਜਥੇਬੰਦੀ ਦੇ ਗਠਨ ਅਤੇ ਪਾਸ ਕੀਤੇ ਮਤਿਆਂ ਦੀ ਪ੍ਰਸੰਸਾ ਕੀਤੀ ਅਤੇ ਇਸ ਦਾ ਦਾਇਰਾ ਪੂਰੇ ਨਾਰਥ ਅਮਰੀਕਾ ਤੱਕ ਵਧਾਉਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਨ੍ਹਾਂ ਬੁਲਾਰਿਆਂ ਨੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਤੇ ਸਮੁੱਚੀ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਜਥੇਬੰਦੀ ਦਾ ਗਠਨ ਸਮੇਂ ਦੀ ਵੱਡੀ ਜ਼ਰੂਰਤ ਸੀ। ਕਸ਼ਮੀਰ ਸਿੰਘ ਧਾਲੀਵਾਲ ਅਤੇ ਕੁਲਦੀਪ ਸਿੰਘ ਥਾਂਦੀ ਨੇ ਸਾਰੇ ਨੁੰਮਾਇਦਿਆਂ ਦਾ ਪਹੁੰਚਣ ਤੇ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਕੈਨੇਡਾ ਦੇ ਗੁਰੂ ਘਰਾਂ ਤੇ ਮੰਦਰਾਂ ਵਿਚ ਭਾਰਤੀ ਕੌਂਸਲ ਵੱਲੋਂ ਕੌਂਸਲਰ ਸੇਵਾਵਾਂ ਲਈ ਕੈਂਪ ਲਾਏ ਗਏ ਸਨ ਅਤੇ ਇਨ੍ਹਾਂ ਕੈਂਪਾਂ ਦੌਰਾਨ ਬਰੈਂਪਟਨ ਅਤੇ ਸਰੀ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਕੁਝ ਹਿੰਸਕ ਝੜਪਾਂ ਹੋਈਆਂ ਸਨ ਅਤੇ ਹਾਲਾਤ ਤਣਾਅਪੂਰਣ ਬਣ ਗਏ ਸਨ। ਕੈਨੇਡੀਅਨ ਭਾਈਚਾਰਾਕ ਸਾਂਝ ਦੀ ਮਜ਼ਬੂਤੀ ਲਈ ਮੌਡਰੇਟ ਸੁਸਾਇਟੀਆਂ ਵੱਲੋਂ ਸਾਂਝੀ ਜਥੇਬੰਦੀ ਕਾਇਮ ਕਰਨਾ ਇਕ ਮਹੱਤਵਪੂਰਨ ਤੇ ਵੱਡਾ ਕਦਮ ਸਮਝਿਆ ਜਾ ਰਿਹਾ ਹੈ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Leave a Reply

Your email address will not be published. Required fields are marked *