The Hind Canadian Times

A Multilingual International Magazine

The Hind Canadian Times

A Multilingual International Magazine

Brinda LockGuru Nanak JahaajMayorSurrey city hallThe Hind Canadian Times

ਗੁਰੂ ਨਾਨਕ ਜਹਾਜ਼ ਦਿਹਾੜੇ ‘ਤੇ ਸਰੀ ਸਿਟੀ ਹਾਲ ਵਿਚ ਯਾਦਗਾਰੀ ਸਮਾਗਮ

ਗੁਰੂ ਨਾਨਕ ਜਹਾਜ਼’ ਨਾਂ ਦੀ ਬਹਾਲੀ ਲਈ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ ਇਕਜੁਟ

ਸਰੀ, 28 ਜੁਲਾਈ (ਹਰਦਮ ਸਿੰਘ ਮਾਨ)-ਕੈਨੇਡਾ ਦੇ ਸ਼ਹਿਰ ਸਰੀ ਦੇ ਸਿਟੀ ਹਾਲ ਵਿਚ ਗੁਰੂ ਨਾਨਕ ਜਹਾਜ਼ 111ਵੀਂ ਵਰ੍ਹੇ-ਗੰਢ ਮੌਕੇ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਇਸ ਮੌਕੇ ਤੇ ਕੌਂਸਲ ਚੈਂਬਰ ਦੇ ਖਚਾ-ਖਚ ਭਰੇ ਹਾਲ ਕੈਨੇਡਾ ਦੀਆਂ ਦੋ ਦਰਜਨ ਤੋਂ ਵੱਧ ਸੰਸਥਾਵਾਂ ਨੇ ਇੱਕਜੁਟਤਾ ਵਿਖਾਉਂਦਿਆਂ ਬ੍ਰਿਟਿਸ਼ ਬਸਤੀਵਾਦੀ ਨਾਮ ਕਮਾਗਾਟਾਮਾਰੂ ਦੀ ਥਾਂ ਗੁਰਦਿਤ ਸਿੰਘ ਅਤੇ ਮੁਸਾਫਿਰਾਂ ਵੱਲੋਂ ਜਹਾਜ 66,000 ਡਾਲਰ ‘ਤੇ ਚਾਰਟਰ ਕਰਨ ਮਗਰੋਂ ਰੱਖੇ ਗਏ ‘ਗੁਰੂ ਨਾਨਕ ਜਹਾਜ਼’ ਨਾਂ ਨੂੰ ਬਹਾਲ ਕਰਨ ਲਈ ਅਹਿਦ ਲਿਆ। ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਪ੍ਰੋਗਰਾਮ ਦੌਰਾਨ ਡਾ. ਗੁਰਵਿੰਦਰ ਸਿੰਘ ਨੇ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਭ ਨੂੰ ਜੀ ਆਇਆਂ ਆਖਿਆ। ਗੁਰੂ ਨਾਨਕ ਜਹਾਜ਼ ਦਿਹਾੜੇ ਵਜੋਂ ਇਤਿਹਾਸਿਕ ਮਾਨਤਾ ਮਿਲਣ ‘ਤੇ ਇਸ ਸਮਾਗਮ ਵਿੱਚ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਸਭਿਆਚਾਰਕ ਜਥੇਬੰਦੀਆਂ ਨੇ ਬੇਮਿਸਾਲ ਉਤਸਾਹ ਦਿਖਾਇਆ ।

ਸਰੀ ਸਿਟੀ ਦੀ ਮੇਅਰ ਬਰਿੰਡਾ ਲੌਕ ਵੱਲੋਂ ਜਾਰੀ ਐਲਾਨਨਾਮੇ ਨੂੰ ਕੌਂਸਲਰ ਹੈਰੀ ਬੈਂਸ, ਮਨਦੀਪ ਸਿੰਘ ਨਾਗਰਾ, ਲਿੰਡਾ ਐਨਿਸ ਨੇ ਸ਼ਹੀਦ ਭਾਈ ਜਸਸੰਤ ਸਿੰਘ ਖਾਲੜਾ ਦੇ ਪੁੱਤਰ ਜਨਮੀਤ ਸਿੰਘ ਖਾਲੜਾ ਨੂੰ ਭੇਟ ਕੀਤਾ, ਜਿਸ ਦੇ ਪੜਦਾਦਾ ਭਾਈ ਹਰਨਾਮ ਸਿੰਘ ਖਾਲੜਾ ਗੁਰੂ ਨਾਨਕ ਜਹਾਜ਼ ਰਾਹੀਂ ਕੈਨੇਡਾ ਪਹੁੰਚੇ ਸਨ। ਇਸ ਐਲਾਨਨਾਮੇ ਦੇ ਉਪਰਾਲੇ ਵਿੱਚ ਭਾਈਚਾਰੇ ਦੀ ਨਾਮਵਰ ਸ਼ਖਸੀਅਤ ਸਰਬਜੀਤ ਸਿੰਘ ਬੈਂਸ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ‘ਤੇ ਸੈਨੇਟਰ ਬਲਤੇਜ ਸਿੰਘ ਢਿੱਲੋ, ਐਮਪੀ ਸੁਖ ਧਾਲੀਵਾਲ, ਐਮਪੀ ਗੁਰਬਖਸ਼ ਸਿੰਘ ਸੈਣੀ, ਐਮਐਲਏਜ ਅਮੀਨਾ ਸ਼ਾਹ, ਗੈਰੀ ਬੈਗ, ਮਨਦੀਪ ਸਿੰਘ ਧਾਲੀਵਾਲ, ਹਰਮਨ ਭੰਗੂ ਤੇ ਜੋਡੀ ਤੂਰ ਨੇ ਵਿਚਾਰ ਸਾਂਝੇ ਕੀਤੇ।

ਪੰਜਾਬ ਤੋਂ ਆਏ ਪ੍ਰਸਿੱਧ ਸੰਗੀਤਕਾਰ ਭਾਈ ਬਲਦੀਪ ਸਿੰਘ ਅਤੇ ਸਿੱਖ ਵਿਦਵਾਨ ਹਰਿੰਦਰ ਸਿੰਘ, ਗਿਆਨ ਸਿੰਘ ਸੰਧੂ, ਪੰਜਾਬ ਪਾਕਿਸਤਾਨ ਤੋਂ ਸਤਿਕਾਰਤ ਸ਼ਖ਼ਸੀਅਤ ਰਾਏ ਅਜ਼ੀਜ਼ ਉੱਲਾ ਖਾਨ ਯਾਦਗਾਰੀ ਦਿਹਾੜੇ ਮੌਕੇ ਪਹੁੰਚੇ ਹੋਏ ਸਨ। ਖਾਲਸਾ ਸਕੂਲ ਦੀ ਟੀਮ ਨੇ ਗੱਤਕੇ ਦੇ ਜੌਹਰ ਦਿਖਾਏ। ਪ੍ਰੋਗਰਾਮ ਦੀ ਸ਼ੁਰੂਆਤ ਮੂਲ ਨਿਵਾਸੀਆਂ ਨੇ ਭਾਵਪੂਰਤ ਤਰੀਕੇ ਨਾਲ ਕੀਤੀ। ਉਪਰੰਤ ਕੈਨੇਡਾ ਦਾ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਸ਼ਬਦ ਗਾਇਨ ਕੀਤੇ ਗਏ।

ਸਮਾਗਮ ਵਿੱਚ ਹਾਜਰ ਸੰਸਥਾਵਾਂ ਨੂੰ ਗੁਰੂ ਨਾਨਕ ਦਾ ਜਹਾਜ਼ ਯਾਦਗਾਰੀ ਦਿਹਾੜੇ ‘ਤੇ ਜਾਰੀ ਐਲਾਨਨਾਮੇ ਭੇਟ ਕੀਤੇ ਗਏ। ਯਾਦਗਾਰੀ ਸਮਾਗਮ ਦੇ ਅਖੀਰ ਵਿੱਚ ਧੰਨਵਾਦ ਰਾਜ ਸਿੰਘ ਭੰਡਾਲ ਵੱਲੋਂ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਇਤਿਹਾਸਿਕ ਹਵਾਲਿਆਂ ਦੀ ਗੱਲ ਕਰਦਿਆਂ, ਕੈਨੇਡਾ ਵਿੱਚ ਫੈਡਰਲ ਪੱਧਰ ਦੇ ਮਾਫੀਨਾਮੇ ਵਿੱਚ ਵੀ ਮੁੱਖ ਨਾਂ ਗੁਰੂ ਨਾਨਕ ਜਹਾਜ਼ ਕਰ ਕੇ ਗਲਤੀ ਦੀ ਸੁਧਾਈ ਦਾ ਸੁਨੇਹਾ ਦਿੱਤਾ ਗਿਆ। ਇਤਿਹਾਸ ਗਲਤੀਆਂ ਨੂੰ ਦਰੁਸਤ ਕਰਨ ਤੇ ਗੁਰੂ ਨਾਨਕ ਜਹਾਜ਼ ਨਾਂ ਦੀ ਬਹਾਲੀ ਵਾਸਤੇ ਕੀਤੀ ਗਏ ਇਸ ਪ੍ਰੋਗਰਾਮ ਦਾ ਸੰਚਾਲਨ ਸਾਹਿਬ ਕੌਰ ਵੱਲੋਂ ਕੀਤਾ ਗਿਆ।

ਪ੍ਰੋਗਰਾਮ ਦੌਰਾਨ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਵਲੋਂ 23 ਜੁਲਾਈ ਦਾ ਦਿਨ ਪੰਜਾਬ ਅਤੇ ਭਾਰਤ ਪੱਧਰ ‘ਤੇ ਗੁਰੂ ਨਾਨਕ ਜਹਾਜ ਯਾਦਗਾਰੀ ਦਿਹਾੜਾ ਐਲਾਨੇ ਜਾਣ ਅਤੇ ਇਸ ਸਬੰਧੀ ਇਤਿਹਾਸ ਦੀਆਂ ਕਿਤਾਬਾਂ ਦਰੁਸਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ ਗਿਆ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Leave a Reply

Your email address will not be published. Required fields are marked *