The Hind Canadian Times

A Multilingual International Magazine

The Hind Canadian Times

A Multilingual International Magazine

Bani Vichar Chetna Manch PunjabSatguru Ravidas JiSeminarThe Hind Canadian Times

ਸਤਿਗੁਰੂ ਰਵਿਦਾਸ ਜੀ ਬਾਰੇ ਕਰਵਾਏ ਗਏ ਸੈਮੀਨਾਰ ਵਿਚ ਦੇਸ਼ ਵਿਦੇਸ਼ ਤੋਂ ਪਹੁੰਚੇ ਵਿਦਵਾਨਾਂ ਵਲੋਂ ਕੀਤੀ ਗਈ ਸ਼ਿਰਕਤ

 ਗੁਰੂ ਰਵਿਦਾਸ ਜੀ ਦੇਸ਼ ਭਰ ਦੀਆਂ ਯਾਤਰਾਵਾਂ ਦੌਰਾਨ ਪੰਜਾਬ ਵਿਚ ਵੀ ਕਈ ਥਾਵਾਂ ਤੇ ਗਏ  : ਰੂਪ ਲਾਲ

ਗੁਰੂ ਰਵਿਦਾਸ ਜੀ ਵੱਲੋਂ ਇਨਸਾਨੀਅਤ ਪੱਖੀ ਕੀਤੀ ਬੁਲੰਦ ਅਵਾਜ਼ ਨੂੰ ਅਗਲੇ ਮਹਾਂਪੁਰਖਾਂ ਨੇ ਲਹਿਰ ਬਣਾ ਦਿੱਤਾ : ਡਾ. ਸ਼ੀਤਲ

ਮਦਨ ਜਲੰਧਰੀ, ਮੋਹਨ ਲਾਲ ਫਿਲੌਰੀਆ, ਡਾ. ਗੁਰਮੀਤ ਕੱਲਰਮਾਜਰੀ, ਹਰਬਿਲਾਸ ਬੱਸੀ, ਗੁਰਨਾਮ ਸਿੰਘ ਅਕੀਦਾ ਨੇ ਸੈਮੀਨਾਰ ਵਿਚ ਕੀਤੀ ਸ਼ਿਰਕਤ

ਡਾ. ਗੁਰਮੀਤ ਸਿੰਘ ਕਲੱਰਮਾਜਰੀ ਦੀ ਕਿਤਾਬ ਮੰਗੂ ਰਾਮ ਮੁੱਗੋਵਾਲੀਆਂ ਮੌਲਿਕ ਲਿਖਤਾਂ  ਰਲੀਜ਼ ਕਰਦੇ ਹੋਏ

ਜਲੰਧਰ 5 ਅਪਰੈਲ ; (The Hind Canadian Times) : ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਬਾਰੇ ਕਰਾਏ ਗਏ ਸੈਮੀਨਾਰ ਵਿਚ ਪੰਜਾਬ ਭਰ ਵਿਚੋਂ ਖੋਜ ਪਰਚੇ ਪੜ੍ਹਨ ਲਈ ਪੁੱਜੇ ਵਿਦਵਾਨਾਂ ਡਾ. ਸੀਤਲ ਸਿੰਘ, ਸ੍ਰੀ ਰੂਪ ਲਾਲ ਰੂਪ, ਪ੍ਰੋ. ਲਾਲ  ਬਹਾਦਰ ਭਾਟੀਆ ਨੇ ਆਪਣੇ ਅਕਾਦਮਿਕ ਪਰਚਿਆਂ ਰਾਹੀਂ ਜਿੱਥੇ ਸੈਮੀਨਾਰ ਦੀ ਅਕਾਦਮਿਕਤਾ ਨੂੰ ਸਿਖਰ ਤੇ ਪਹੁੰਚਾ ਦਿੱਤਾ ਉੱਥੇ ਹੀ ਉਨ੍ਹਾਂ ਸਤਿਗੁਰੂ ਜੀ ਦੇ ਅਧਿਆਤਮਿਕਤਾ ਰਾਹੀਂ ਵੀ ਸਰੋਤਿਆਂ ਨੂੰ ਸਰਸ਼ਾਰ ਕੀਤਾ। ਇਸ ਵੇਲੇ ਕੁੰਜੀਵਤ ਭਾਸ਼ਣ ਵਿਚ ਪਟਿਆਲਾ ਤੋਂ ਪੁੱਜੇ ਡਾ. ਗੁਰਮੀਤ ਕੱਲਰਮਾਜਰੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਤੋਂ ਇਲਾਵਾ ਜੋ ਬਾਣੀ ਬਾਹਰ ਖ਼ੋਜੀ ਜਾ ਰਹੀ ਹੈ ਉਸ ਤੇ ਗੱਲ ਕੀਤੀ। ਸਮਾਗਮ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਮੋਹਨ ਲਾਲ ਫਿਲੌਰੀਆ ਨੇ ਕੀਤੀ, ਜਦ ਕਿ ਮੁੱਖ ਮਹਿਮਾਨ ਵਜੋਂ ਉੱਘੇ ਗੀਤਕਾਰ ਤੇ ਚਿੰਤਕ ਮਦਨ ਜਲੰਧਰੀ ਦਾ ਸਨਮਾਨ ਹੋਇਆ। ਵਿਸ਼ੇਸ਼ ਮਹਿਮਾਨ ਹਰਬਿਲਾਸ ਬੱਸੀ ਕੈਨੇਡਾ ਨੇ ਵਿਸ਼ੇਸ਼ ਮਹਿਮਾਨ ਵਜੋਂ ਉਦਘਾਟਨੀ ਭਾਸ਼ਣ ਦਿੱਤਾ।ਮੰਚ ਦੇ ਮੁੱਖ ਕੁਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਮੰਚ ਸੰਚਾਲਨ ਕਰਦਿਆਂ ਸੰਸਥਾ ਦੇ ਮਨੋਰਥ ਬਾਰੇ ਚਾਨਣਾ ਪਾਇਆ।

ਸੈਮੀਨਾਰ ਵਿਚ ਮੌਜੂਦ ਬੁੱਧੀਜੀਵੀ ਤੇ ਸੰਗਤ

ਸਤਿਗੁਰੂ ਰਵਿਦਾਸ ਜੀ ਦੀਆਂ ਯਾਤਰਾਵਾਂ ਤੇ ਪੇਪਰ ਪੜ੍ਹਦਿਆਂ ਵਿਦਵਾਨ ਰੂਪ ਲਾਲ ਰੂਪ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਜਿੱਥੇ ਪੂਰੇ ਭਾਰਤ ਵਿਚ ਆਪਣੀਆਂ ਯਾਤਰਾਵਾਂ ਰਾਹੀਂ ਵੱਖ ਵੱਖ ਥਾਵਾਂ ਤੇ ਪੁੱਜੇ ਉੱਥੇ ਹੀ ਉਹ ਪੰਜਾਬ ਵਿਚ ਮੀਰ ਹੋਤਾ (ਸਰਹਿੰਦ ਕੋਲ), ਹਾਦੀਆਬਾਦ (ਫਗਵਾੜਾ), ਜਲੰਧਰ, ਜੰਡਿਆਲਾ ਗੁਰੂ, ਬੰਡਾਲਾ, ਅਟਾਰੀ ਬਾਰਡਰ ਕੋਲ ਪਿੰਡ ਡੰਡਾ, ਫੇਰ ਚੁਹੜਕਾਣਾ (ਅੱਜ ਕੱਲ੍ਹ ਪਾਕਿਸਤਾਨ) ਵਿਖੇ ਗੁਰੂ ਨਾਨਕ ਦੇਵ ਜੀ ਨਾਲ ਵੀ ਮਿਲਣੀ ਹੋਈ। ਉਸ ਤੋਂ ਬਾਅਦ ਦੂਜੀ ਯਾਤਰਾ ਵਿਚ ਸਤਿਗੁਰੂ ਜੀ ਲੁਧਿਆਣਾ, ਫਿਲੌਰ, ਨਕੋਦਰ ਤੋਂ ਪਿੰਡ ਡੱਲਾ ਰਾਹੀ ਸਰਵਮਾਨਪੁਰ (ਸੁਲਤਾਨਪੁਰ ਲੋਧੀ) ਪੁੱਜੇ, ਫੇਰ ਉਹ ਬਟਾਲਾ, ਜੰਮੂ, ਚੰਬਾ, ਪਠਾਨਕੋਟ ਹੁੰਦੇ ਹੋਏ ਪਿੰਡ ਜਨੌੜੀ ਠਹਿਰਾਅ ਕੀਤਾ ਤੇ ਫੇਰ ਖੁਰਾਲਗੜ੍ਹ ਵਿਚ ਕਈ ਦਿਨ ਰਹੇ। ਇਸੇ ਤਰ੍ਹਾਂ ਆਪਣਾ ਪੇਪਰ ਪੜ੍ਹਦਿਆਂ ਪ੍ਰੋ. ਲਾਲ ਬਹਾਦਰ ਭਾਟੀਆ ਨੇ ਕਿਹਾ ਕਿ ਜਦੋਂ ਇਨਸਾਨ ਦਾ ਇਨਸਾਨ ਹੀ ਸਿਰਫ਼ ਜਾਤੀ ਪ੍ਰਥਾ ਨੂੰ ਥਾਂ ਦਿੰਦੇ ਹੋਏ ਤ੍ਰਿਸਕਾਰ ਕਰ ਰਿਹਾ ਸੀ, ਉਸ ਵੇਲੇ ਇਕ ਕ੍ਰਾਂਤੀਕਾਰੀ ਅਵਾਜ਼ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਅਜਿਹੀ ਬੁਲੰਦ ਕੀਤੀ ਕਿ ਸਮਕਾਲੀਨ ਦੇ ਰਾਜੇ ਰਾਣੀਆਂ ਨੇ ਵੀ ਉਨ੍ਹਾਂ ਤੋਂ ਗੁਰੂ ਵਿੱਦਿਆ ਹਾਸਲ ਕੀਤੀ। ਜੋ ਆਪਣੇ ਸਮੇਂ ਵਿਚ ਹਾਕਮਾਂ ਦੇ ‘ਗੁਰੂ’ ਬਣ ਕੇ ਰੂਹਾਨੀਅਤ ਨਾਲ ਜੋੜਦੇ ਰਹੇ ਤਾਂ ਅਜੋਕੇ ਸਮੇਂ ਵਿਚ ਉਨ੍ਹਾਂ ਨੂੰ ਗੁਰੂ ਕਹਿਣ ਤੋਂ ਰੋਕਣ ਵਾਲੇ ਵੀ ਜਾਤ ਅਭਿਮਾਨੀਆਂ ਦੀ ਲਿਸਟ ਵਿਚ ਸ਼ਾਮਲ ਹੋ ਜਾਂਦੇ ਹਨ। 

ਇਸ ਮੌਕੇ ਸੰਸਥਾ ਵਲੋਂ ਮੁੱਖ ਮਹਿਮਾਨ ਮਦਨ ਜਲੰਧਰੀ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ 

ਡਾ. ਸ਼ੀਤਲ ਸਿੰਘ ਨੇ ਕਿਹਾ ਕਿ ਜਦੋਂ ਬਿਪਰਵਾਦ ਦਾ ਏਨਾ ਦੱਬ-ਦਬਾ ਸੀ ਉਸ ਵੇਲੇ ਸਤਿਗੁਰੂ ਰਵਿਦਾਸ ਨੇ ਅਜਿਹੀ ਕ੍ਰਾਂਤੀਕਾਰੀ ਅਵਾਜ਼ ਦਿੱਤੀ ਕਿ ਮੰਨੂ ਵੱਲੋਂ ਬਣਾਏ ਚਾਰੇ ਵਰਨਾਂ ਦੀ ਕੁ-ਪ੍ਰਥਾ ਨੂੰ ਇਕ ਵਾਰ ਮਲੀਆਮੇਟ ਕਰ ਦਿੱਤਾ। ਇਨਸਾਨ ਨੂੰ ਇਨਸਾਨ ਨਾਲ ਜੋੜਨ ਲਈ ਬੇਗਮਪੁਰੇ ਦਾ ਸੰਕਲਪ ਦਿੱਤਾ, ਜਿਸ ਨੂੰ ਬੁਲੰਦ ਸ਼੍ਰੋਮਣੀ ਸੰਤ ਕਬੀਰ ਤੇ ਸਮਕਾਲੀ ਮਹਾਂਪੁਰਖਾਂ ਨੇ ਕੀਤਾ ਤੇ ਉਸ ਨੂੰ ਇਕ ਲਹਿਰ ਗੁਰੂ ਨਾਨਕ ਜੀ ਨੇ ਬਣਾ ਦਿੱਤਾ, ਜਿਸ ਨੂੰ ਸਿਖਰ ਤੇ ਗੁਰੂ ਗੋਬਿੰਦ ਸਿੰਘ ਨੇ ਪਹੁੰਚਾ ਦਿੱਤਾ। ਇਸ ਵੇਲੇ ਕੁੰਜੀਵਤ ਭਾਸ਼ਣ ਵਿਚ ਡਾ. ਗੁਰਮੀਤ ਕਲੱਰਮਾਜਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਤਿਗੁਰੂ ਰਵਿਦਾਸ ਦੀ ਬਾਣੀ ਵਿਚਲੇ ਮਾਨਵਤਾ ਪੱਖੀ ਸੰਦੇਸ਼ ਨੂੰ ਉਜਾਗਰ ਕਰਦਿਆਂ ਸਤਿਗੁਰੂ ਰਵਿਦਾਸ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਪਈ ਬਾਣੀ ਦੀ ਗੱਲ ਵੀ ਕੀਤੀ। ਮੁੱਖ ਮਹਿਮਾਨ ਮਦਨ ਜਲੰਧਰੀ ਨੇ ਕਿਹਾ ਬਾਣੀ ਵਿਚਾਰ ਚੇਤਨਾ ਮੰਚ ਵੱਲੋਂ ਅਕਾਦਮਿਕ ਤੌਰ ਤੇ ਕਰਾਏ ਜਾ ਰਹੇ ਸੈਮੀਨਾਰਾਂ ਵਿਚ ਪੜੇ ਜਾ ਰਹੇ ਖੋਜ ਭਰਪੂਰ ਪੇਪਰਾਂ ਵਿਚ ਸਾਡੇ ਵਿਦਵਾਨ ਅਵਾਮ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਰਹੇ ਹਨ। 

ਵਿਸ਼ੇਸ਼ ਮਹਿਮਾਨ ਹਰਬਿਲਾਸ ਬੱਸੀ ਕੈਨੇਡਾ ਨੇ ਕਿਹਾ ਅਸੀਂ ਸਤਿਗੁਰੂ ਰਵਿਦਾਸ ਜੀ ਨਾਲ ਸਬੰਧਿਤ ਸੈਮੀਨਾਰਾਂ ਨੂੰ ਕੌਮਾਂਤਰੀ ਪੱਧਰ ਤੇ ਕਰਵਾਉਣ ਜਾ ਰਹੇ ਹਾਂ। ਪ੍ਰਧਾਨਗੀ ਕਰ ਰਹੇ ਮੋਹਨ ਲਾਲ ਫਿਲੌਰੀਆ ਨੇ ਕਿਹਾ ਸਾਡਾ ਮਕਸਦ ਹੈ ਕਿ ਗੁਰੂ ਮਹਾਰਾਜ ਬਾਰੇ ਜੀ ਵੀ ਭਰਮ ਭੁਲੇਖੇ ਫੈਲਾਏ ਜਾ ਰਹੇ ਹਨ ਉਹ ਅਸੀਂ ਸਾਡੇ ਵਿਦਵਾਨਾਂ ਰਾਹੀਂ ਕੀਤੀਆਂ ਖੋਜਾਂ ਨਾਲ ਸਹੀ ਕਰ ਸਕੀਏ। ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਨੇ ਅਗਲਾ ਸੈਮੀਨਾਰ ਨਾਭਾ ਵਿਖੇ 24 ਮਈ ਨੂੰ ਕਰਾਉਣ ਬਾਰੇ ਐਲਾਨ ਕੀਤਾ। ਇਸ ਵੇਲੇ ਡਾ. ਗੁਰਮੀਤ ਕੱਲਰਮਾਜਰੀ ਦੀ ਬਾਬੁ ਮੰਗੁ ਰਾਮ ਮੁੱਗੋਵਾਲੀਆ ਮੌਲਿਕ ਲਿਖਤਾਂ ਵੀ ਰਲੀਜ ਕੀਤੀ ਗਈ। ਇਸ ਸਮੇਂ ਡੇਰਾ ਬੱਲਾਂ ਤੋਂ ਬਲਬੀਰ ਮੰਨਣ ਹੋਰੀਂ ਵਿਸ਼ੇਸ਼ ਪੁੱਜੇ। ਇਸ  ਵੇਲੇ ਹਰਦੀਪ ਸਿੰਘ ਮੁਕਤਸਰ, ਸੀਆਰ ਕਲਸੀ, ਮਦਨ ਸਿੰਘ, ਨਿਰਵੈਰ ਸਿੰਘ ਕਪੂਰਥਲਾ, ਜਗਦੀਸ਼ ਲਾਲ ਬੱਧਣ ਹੁਸ਼ਿਆਰਪੁਰ, ਨਿਰਭੈ ਸਿੰਘ ਫਤਿਹਗੜ੍ਹ, ਪਰਮਿੰਦਰ ਰਾਏਪੁਰ ਪਟਿਆਲਾ ਤੋਂ  ਨੇ ਵੀ ਹਾਜ਼ਰੀ ਲਗਾਈ।                                                                                        (ਪ੍ਰੋ. ਲਾਲ ਬਹਾਦਰ ਭਾਟੀਆ)

Leave a Reply

Your email address will not be published. Required fields are marked *