ਡਾ.ਸਤਿੰਦਰ ਪਾਲ ਸਿੰਘ ਨੇ ਗੁਰਸਿੱਖਾਂ ਨੂੰ ਆਪਣੀ ਇਸ ਪੁਸਤਕ ਵਿੱਚ ਇਨ੍ਹਾਂ ਪੰਜਾਂ ਵਚਨਾ ਨੂੰ ਆਧਾਰ ਬਣਾਕੇ ਚਲਣ ਦੀ ਪ੍ਰੇਰਨਾ ਦਿੱਤੀ ਹੈ।
ਉਜਾਗਰ ਸਿੰਘ
ਡਾ.ਸਤਿੰਦਰ ਪਾਲ ਸਿੰਘ ਸਿੋੱਖ ਧਰਮ ਦੇ ਪ੍ਰਸਿੱਧ ਚਿੰਤਕ ਤੇ ਵਿਆਖਿਆਕਾਰ ਹਨ। ਉਨ੍ਹਾਂ ਦੀਆਂ ਹੁਣ ਤੱਕ ਜਿਤਨੀਆਂ ਵੀ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ, ਉਹ ਸਾਰੀਆਂ ਹੀ ਗੁਰਮਤਿ ਵਿਚਾਰਧਾਰਾ ‘ਤੇ ਪਹਿਰਾ ਦੇਣ ਵਾਲੀਆਂ ਹਨ। ਉਹ ਗੁਰਬਾਣੀ ਦੀ ਸੁਚਾਰੂ ਵਿਆਖਿਆ ਕਰਨ ਦੇ ਸਮਰੱਥ ਵਿਦਵਾਨ ਹਨ, ਜਿਹੜੇ ਸਰਲ ਸ਼ਬਦਾਵਲੀ ਵਿੱਚ ਪਾਠਕਾਂ ਨੂੰ ਗੁਰਬਾਣੀ ਦੇ ਅਰਥ ਸਮਝਾਕੇ ਮਾਰਗ ਦਰਸ਼ਕ ਬਣਦੇ ਹਨ। ਪੜਚੋਲ ਅਧੀਨ ਪੁਸਤਕ ‘ਗੁਰਸਿੱਖ ਦੇ ਪੰਜ ਵਚਨ’ ਵਿੱਚ ਉਸਨੇ ਇਨ੍ਹਾਂ ਪੰਜ ਵਚਨਾ ‘ਏਕਸ ਦੀ ਟੇਕ’, ‘ਭਰੋਸਾ’, ‘ਸਚਿਆਰ ਜੀਵਨ’, ‘ਸੂਰਬੀਰਤਾ’ ਅਤੇ ‘ਅਨੁਰਾਗ’ ਦੀ ਸੁਚੱਜੇ ਢੰਗ ਨਾਲ ਵਿਆਖਿਆ ਕਰਕੇ ਪਾਠਕਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਿੱਖ ਧਰਮ ਦੇ ਮੁੱਦਈ ਸਿੱਖ ਵਿਚਾਰਧਾਰਾ ਦੇ ਮੰਤਵ ਨੂੰ ਸਮਝਦੇ ਹੋਏ, ਉਨ੍ਹਾਂ ਵਚਨਾ ‘ਤੇ ਚਲਦਿਆਂ ਆਪਣਾ ਜੀਵਨ ਸਫਲ ਕਰ ਸਕਣ। ਗੁਰਸਿੱਖ ਸ਼ਬਦ ਕਿਸੇ ਸਿੱਖ ਦੀ ਅਵਸਥਾ ਹੈ, ਜੋ ਉਸਨੂੰ ਸੰਪੂਰਨ ਕਰਦੀ ਹੈ। ਗੁਰੂ ਦੀ ਦਿਸ਼ਾ ਹੀ ਸਿੱਖ ਦੀ ਦਿਸ਼ਾ ਹੈ। ਗੁਰੂ ਨਾਲ ਜੁੜਕੇ ਹੀ ਸਿੱਖ ਹੋਂਦ ਵਿੱਚ ਆਉਂਦਾ ਹੈ। ਗੁਰਸਿੱਖ ਸ਼ਬਦ ਦਾ ਸਰਵਣ ਮਾਤਰ ਇੱਕ ਸ਼ਾਂਤ, ਸਹਿਜ ਮਨੁੱਖ ਦਾ ਅਕਸ ਚਿੱਤ ਅੰਦਰ ਉਭਾਰ ਦਿੰਦਾ ਹੈ। ਗੁਰਬਾਣੀ ਜਿਸਦੀ ਜਾਤ ਹੈ, ਕੁਲ ਹੈ, ਭੋਜਨ ਹੈ, ਪਾਣੀ ਹੈ, ਮਾਣ ਹੈ, ਆਣ ਹੈ, ਓਟ ਹੈ, ਬਲ ਹੈ, ਸੁੱਖ ਤੇ ਆਨੰਦ ਹੈ, ਉਹ ਹੀ ਗੁਰਸਿੱਖ ਹੈ। ਡਾ.ਸਤਿੰਦਰ ਪਾਲ ਸਿੰਘ ਨੇ ਗੁਰਬਾਣੀ ਵਿੱਚੋਂ ਉਦਾਹਰਣਾ ਦੇ ਸਿੱਖ ਸੰਗਤ ਨੂੰ ਸਮਝਾਇਆ ਹੈ ਕਿ ਇਨ੍ਹਾਂ ਪੰਜ ਵਚਨਾ ਦੀ ਗੁਰਸਿੱਖ ਦੇ ਜੀਵਨ ਵਿੱਚ ਕੀ ਮਹੱਤਤਾ ਹੈ। ‘ਏਕਸ ਦੀ ਟੇਕ’ ਦਾ ਭਾਵ ਅਰਥ ਪਰਮਾਤਮਾ ਇੱਕ ਹੈ, ਭਾਵੇਂ ਸੰਸਾਰ ਉਸਨੂੰ ਵੱੰਖ-ਵੱਖ ਰੂਪਾਂ ਵਿੱਚ ਪ੍ਰਗਟ ਤੇ ਮਹਿਸੂਸ ਹੁੰਦਾ ਹੈ। ਸਿੱਖ ਪੰਥ ਵਿੱਚ ਏਕਸ ਦਾ ਸਿਧਾਂਤ ਦਸਾਂ ਗੁਰੂ ਸਾਹਿਬਾਨਾਂ ਦੀ ਜੋਤ ਨਾਨਕ ਜੋਤ ਹੋ ਜਾਣ ਤੋਂ ਆਰੰਭ ਹੁੰਦਾ ਹੈ। ਪਰਮਾਤਮਾ ਹੀ ਹੈ ਜੋ ਸ੍ਰਿਸ਼ਟੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਵੀ ਸੀ, ਯੁਗਾਂ-ਯੁਗਾਂ ਤੋਂ ਹੈ। ਪਰਮਾਤਮਾ ਦੀ ਖੇਡ ਹੀ ਏਕਸ ਦੀ ਹੈ। ਇੱਕ ਪਰਮਾਤਮਾ ਹੀ ਸੱਚ ਹੈ, ਉਹ ਅਵਿਨਾਸ਼ੀ ਹੈ, ਸਵੈ ਸ੍ਰਿਜਤ, ਗੁਣਾਂ ਤੇ ਗਿਆਨ ਦਾ ਸਾਗਰ, ਬਾਕੀ ਜੋ ਦ੍ਰਿਸ਼ਟੀਗੋਚਰ ਹੋ ਰਿਹਾ ਹੈ, ਉਹ ਨਾਸ਼ਵਾਨ ਹੈ। ਸੰਸਾਰ ਅੰਦਰ ਭਾਵੇਂ ਕਈ ਮਤ, ਕਈ ਵਿਸ਼ਵਾਸ਼ ਹਨ, ਪ੍ਰੰਤੂ ਗੁਰਸਿੱਖ ਵਹਿਮਾ-ਭਰਮਾ ਵਿੱਚ ਨਾ ਪਵੇ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਹੈ:
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨਾ ਜਾਈ॥
ਸੰਸਾਰ ਵਿੱਚ ਭਿੰਨ-ਭਿੰਨ ਵਿਚਾਰ ਹਨ, ਉਨ੍ਹਾਂ ਨੂੰ ਮੰਨਣ ਵਾਲੇ ਲੋਕ ਸਾਰੇ ਹੀ ਆਪਣੇ ਆਪ ਨੂੰ ਵਡਿਆ ਰਹੇ ਹਨ। ਇਹ ਸਾਰੇ ਭਰਮਾ ਵਿੱਚ ਕੈਦ ਹਨ। ਗੁਰਸਿੱਖ ਭਰਮਾ ਵਿੱਚ ਨਹੀਂ ਪੈਂਦੇ। ਗੁਰਸਿੱਖ ਏਕਸ ਦੇ ਵਚਨ ਦਾ ਧਾਰਣੀ ਹੈ ਤਾਂ ਹੀ ਗੁਰਸਿੱਖੀ ਦੀ ਯਾਤਰਾ ਆਰੰਭ ਹੁੰਦੀ ਹੈ। ਇਸ ਮਾਰਗ ‘ਤੇ ਚਲਣ ਲਈ ਮਨ ਅੰਦਰ ਭਰੋਸਾ ਹੋਣਾ ਚਾਹੀਦੈ।
ਗੁਰਸਿੱਖ ਦਾ ਦੂਜਾ ਵਚਨ ‘ਭਰੋਸਾ’ ਹੈ। ਗੁਰਸਿੱਖ ਇੱਕ ਗੁਰੂ ਤੇ ਇੱਕ ਗੁਰਬਾਣੀ ਤੇ ਅਡੋਲ ਭਰੋਸਾ ਰੱਖੇਗਾ। ਇੱਕੋ-ਇੱਕ ਪਰਮਾਤਮਾ ‘ਤੇ ਹੀ ਭਰੋਸਾ ਕਰਦਾ ਹੈ, ਕਿਉਂਕਿ ਉਹ ਭਰੋਸੇਯੋਗ ਹੈ। ਗੁਰਸਿੱਖ ਆਪਣੇ ਜੀਵਨ ਦੇ ਸਾਰੇ ਕਾਰ ਵਿਹਾਰ ਪਰਮਾਤਮਾ ਦੇ ਭਰੋਸੇ ਕਰਦਾ ਹੈ। ਗੁਰਸਿੱਖ ਦਾ ਮਨ ਪਰਮਾਤਮਾ ਤੇ ਹੀ ਟਿਕਦਾ ਹੈ, ਦੁਬਿਧਾ ਵਿੱਚ ਨਹੀਂ ਰਹਿੰਦਾ। ਗੁਰਸਿੱਖ ਦੇ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ। ਗੁਰ ਸ਼ਬਦ ਗੁਰਸਿੱਖ ਲਈ ਸਨਮਾਨ, ਸ਼ਰਧਾ ਤੇ ਭਰੋਸੇ ਦਾ ਵਿਸ਼ਾ ਹੈ। ਗੁਰਸਿੱਖ ਭਰੋਸਾ ਕਰਕੇ ਆਨੰਦ ਵਿੱਚ ਰਹਿੰਦਾ ਹੈ। ਗੁਰਬਾਣੀ ‘ਤੇ ਭਰੋਸਾ ਹੀ ਉਸਦਾ ਸੰਸਾਰਿਕ ਜੀਵਨ ਸੁਆਰਦਾ ਹੈ।
ਗੁਰਸਿੱਖ ਦਾ ਤੀਜਾ ਵਚਨ ‘ਸਚਿਆਰ ਜੀਵਨ’ ਹੈ, ਗੁਰਸਿੱਖ ਨੂੰ ਸਿੱਧੇ ਰਸਤੇ ‘ਤੇ ਚਲਣ ਦੀ ਪ੍ਰੇਰਨਾ ਦਿੰਦਾ ਹੈ। ਗੁਰਸਿੱਖ ਦਾ ਵਚਨ ਹੈ ਕਿ ਉਹ ਭਰੋਸੇ ਦੀ ਪ੍ਰਕ੍ਰਿਆ ਨੂੰ ਸਚਿਆਰ ਬਣਕੇ ਅਗਾਂਹ ਵਧਾਏਗਾ। ਸਚਿਆਰ ਬਣਨ ਲਈ ਗੁਰੂ ਸਾਹਿਬ ਦਾ ਇਹ ਸ਼ਬਦ ਪਹਿਲਾਂ ਸਚਿਆਰਾ ਕਿਵੇਂ ਬਣਿਆਂ ਜਾਵੇ ਕਹਿੰਦਾ ਹੈ ਤੇ ਫਿਰ ਗੁਰੂ ਸਾਹਿਬ ਆਪ ਹੀ ਉਸਦਾ ਉਪਾਆ ਇਸ ਪ੍ਰਕਾਰ ਦੱਸਦੇ ਹਨ:
‘ਕਿਵ ਸਚਿਆਰਾ ਹੋਈਐ ਕਿਵ ਕੂੜੇੈ ਤੁਟੈ ਪਾਲਿ॥
‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲ’॥
‘ਗੁਰੂ ਦੀ ਸ਼ਰਣ ਵਿੱਚ ਆਉਣ ਤੋਂ ਬਾਅਦ ਸੱਚ ਤੇ ਝੂਠ ਦਾ ਗਿਆਨ ਹੁੰਦਾ ਹੈ। ਗੁਰਸਿੱਖ ਦਾ ਸਚਿਆਰ ਜੀਵਨ ਹੀ ਉਸਨੂੰ ਸੁੱਖ ਨਾਲ ਭਰਪੂਰ ਕਰਦਾ ਹੈ, ਕਿਉਂਕਿ ਪੂਰੀ ਸ੍ਰਿਸ਼ਟੀ ਦਾ ਆਧਾਰ ਹੀ ਸੱਚ ਹੈ। ਸ੍ਰਿਸ਼ਟੀ ਵਿੱਚ ਜਿਤਨੇ ਵੀ ਆਕਾਰ, ਖੰਡ, ਬ੍ਰਹਿਮੰਡ, ਹਨ, ਸਾਰਿਆਂ ਅੰਦਰ ਸੱਚ ਦਾ ਤੱਤ ਵਿਦਮਾਨ ਹੈ। ਪਰਮਾਤਮਾ ਦੀ ਇੱਕ ਹੀ ਪਛਾਣ ਸੱਚ ਹੈ। ਕੂੜ ਤੋਂ ਨਿਜਾਤ ਪਾਉਣ ਲਈ ਗੁਰ ਸ਼ਬਦ ਹੀ ਹੈ। ਪਾਪ ਤੇ ਕੂੜ ਦਾ ਸਵਾਦ ਵਕਤੀ ਹੁੰਦਾ ਹੈ, ਪ੍ਰੰਤੂ ਸੱਚ ਦਾ ਆਨੰਦ ਸਥਾਈ ਹੁੰਦਾ ਹੈ। ਸੱਚ ਸੰਸਾਰ ਵਿੱਚ ਪਾਪ, ਦੁੱਖ ਮੇਟਣ ਦੇ ਸਮਰੱਥ ਹੈ। ਗੁਰਸਿੱਖ ਹਰ ਪੱਖ ਤੋਂ ਪੂਰਨ ਸਚਿਆਰਾ ਹੈ। ਉਹ ਸੱਚੀ ਟਕਸਾਲ ਵਿੱਚ ਘੜਿਆ ਖ਼ਰਾ ਸਿੱਕਾ ਹੈ। ਸਚਿਆਰਾ ਜੀਵਨ ਹੀ ਦੁੱਖ ਦਾ ਨਾਸ ਕਰ ਸਕਦਾ ਹੈ। ਇਸ ਲਈ ਗੁਰਸਿੱਖ ਨੂੰ ਸੁਆਦ, ਵਿਖਾਵੇ, ਸਵੈ ਅਤੇ ਕਾਮਨਾਵਾਂ ‘ਤੇ ਸੰਜਮ ਰੱਖਣਾ ਚਾਹੀਦਾ ਹੈ। ਗੁਰਸਿੱਖ ਸਚਿਆਰ ਜੀਵਨ ਤੋਂ ਆਤਮ ਮੋਖ ਦੀ ਰਾਹ ਪ੍ਰਾਪਤ ਕਰਦਾ ਹੈ।
ਗੁਰਸਿੱਖ ਦਾ ਚੌਥਾ ਵਚਨ ‘ਸੂਰਬੀਰਤਾ’ ਹੈ। ਗੁਰਸਿੱਖ ਆਪਣੀ ਧਾਰਨ ਕੀਤੀ ਗੁਰਸਿੱਖੀ ਨੂੰ ਇੱਕ ਯੋਧੇ ਦੀ ਤਰ੍ਹਾਂ ਨਿਭਾਉਣ ਦੀ ਭਾਵਨਾ ਰੱਖਦਾ ਹੈ। ਉਹ ਹੀ ਸੂਰਬੀਰ ਹੈ। ਉਸਨੂੰ ਕਿਸੇ ਨਾਲ ਵੈਰ ਵਿਰੋਧ ਨਹੀਂ ਰਹਿੰਦਾ, ਮਨ ਅੰਦਰ ਸਾਰਿਆਂ ਲਈ ਨਮ੍ਰਤਾ ਤੇ ਸਹਿਯੋਗ ਦਾ ਭਾਵ ਹੁੰਦਾ ਹੈ। ਗੁਰਸਿੱਖ ਸਾਰਿਆਂ ਅੰਦਰ ਪਰਮਾਤਮਾ ਦੀ ਜੋਤ ਜਾਣਕੇ ਪ੍ਰੇਮ ਪੂਰਨ ਵਿਵਹਾਰ ਕਰਦਾ ਹੈ, ਇਹ ਉਸਦੀ ਵੱਡੀ ਸੂਰਬੀਰਤਾ ਹੈ, ਕਿਉਂਕਿ ਵੈਰ, ਵਿਰੋਧ, ਹੰਕਾਰ ਤਿਆਗਣਾ ਬਹੁਤ ਔਖਾ ਹੁੰਦਾ ਹੈ। ਗੁਰਸਿੱਖ ਵਿੱਚ ਤਿਆਗ ਦੀ ਭਾਵਨਾ ਪ੍ਰਜਵਲਿਤ ਹੁੰਦੀ ਹੈ। ਅਨਿਆਂ, ਪਾਪ ਕਿਹੋ ਜਿਹਾ ਵੀ ਕਿੰਨਾ ਹੀ ਕਿਉਂ ਨਾ ਹੋਵੇ, ਗੁਰਸਿੱਖ ਉਸਦਾ ਡੱਟਕੇ ਮੁਕਾਬਲਾ ਕਰਦਾ ਹੈ। ਅਨਿਆਂ ਵੇਖਕੇ ਉਹ ਚੁੱਪ ਨਹੀਂ ਰਹਿ ਸਕਦਾ। ਗੁਰਸਿੱਖ ਆਪਣੇ ਦਿੱਤੇ ਵਚਨ ਤੇ ਅਟੱਲ ਰਹਿੰਦਾ ਹੈ, ਕਦੇ ਪਿਛਾਂਹ ਨਹੀਂ ਹੱਟਦਾ ਆਪਣੇ ਵਚਨ ਤੇ ਕਾਇਮ ਰਹਿਣਾ ਸਰਬਉਤਮ ਸੂਰਬੀਰਤਾ ਹੈ। ਆਪਣੇ ਮਨੋਰਥ ਦੀ ਪੂਰਤੀ ਲਈ ਜੂਝ ਜਾਣਾ ਤੇ ਆਪਣੀ ਜਾਨ ਦੀ ਪਰਵਾਹ ਨਾ ਕਰਨਾ, ਸੂਰਬੀਰਤਾ ਦੀ ਸਿਖ਼ਰ ਹੁੰਦੀ ਹੈ। ਗੁਰਸਿੱਖ ਮੁੱਢਲੇ ਤੌਰ ‘ਤੇ ਪਰਮਾਤਮਾ ਦਾ ਭਗਤ ਹੈ। ਪਰਮਾਤਮਾ ਦਾ ਭਗਤ ਹੋਣਾ, ਉਸਨੂੰ ਨਿਰਭੈ ਬਣਾਉਂਦਾ ਹੈ। ਗੁਰਸਿੱਖ ਦੀ ਸੂਰਬੀਰਤਾ ਜੀਵਨ ਮ੍ਰਿਤਕ ਅਵਸਥਾ ਤੋਂ ਆਰੰਭ ਹੋ ਕੇ ਜੀਵਨ ਅਰਪਣ ਤੱਕ ਪੁਜਦੀ ਹੈ।
Êਪੰਜਵਾਂ ਵਚਨ ਅਨੁਰਾਗ ਹੈ। ਗੁਰਸਿੱਖ ਦਾ ਵਿਕਾਸ ਪ੍ਰੇਮ ਤੋਂ ਆਰੰਭ ਹੁੰਦਾ ਹੈ। ਗੁਰਸਿੱਖ ਅੰਦਰ ਏਕਸ ਪਰਮਾਤਮਾ ਲਈ ਮਨ ਅੰਦਰ ਸਮਰਪਣ, ਭਰੋਸਾ, ਨਿਭਾਉਣ ਲਈ ਸਚਿਆਰ ਤੇ ਸੂਰਬੀਰਤਾ ਪੈਦਾ ਕੀਤੀ। ਪਰਮਾਤਮਾ ਸਦਾ ਉਪਕਾਰ ਕਰਨ ਵਾਲਾ ਹੈ, ਉਹ ਹਰ ਦੀਨ ਤੇ ਮਿਹਰਬਾਨ ਹੈ, ਮਨੁੱਖ ਦੀ ਕੋਈ ਸਮਰੱਥਾ ਨਹੀਂ ਹੈ, ਇੱਕ ਪਰਮਾਤਮਾ ਹੀ ਕਰਤਾ ਹੈ। ਇਸ ਲਈ ਪਰਮਾਤਮਾ ਦੀ ਟੇਕ ਬਣਾਕੇ ਸਚਿਆਰ ਜੀਵਨ ਜਿਉਣ ਵਾਲਾ ਗੁਰਸਿੱਖ ਉਸਦੇ ਪ੍ਰੇਮ ਵਿੱਚ ਇੰਨਾ ਗਹਿਰਾ ਰੰਗਿਆ ਜਾਂਦਾ ਹੈ ਕਿ ਉਸ ਨਾਲ ਪ੍ਰੀਤ ਕਦੇ ਨਾ ਤੋੜਨ ਲਈ ਵਚਨਬੱਧ ਹੋ ਜਾਂਦਾ ਹੈ। ਗੁਰੂ ਆਪਣੇ ਗੁਰਸਿੱਖ ਦੇ ਮਨ ਅੰਦਰ ਪਰਮਾਤਮਾ ਦਾ ਸੱਚਾ ਪ੍ਰੇਮ ਦ੍ਰਿੜ੍ਹ ਕਰਕੇ ਪਰਮ ਆਨੰਦ ਅਵਸਥਾ ਵਿੱਚ ਲੈ ਜਾਂਦਾ ਹੈ। ਗੁਰਸਿੱਖ ਦਾ ਪ੍ਰੇਮ ਬਹੁਪੱਖੀ ਹੈ, ਇਨ੍ਹਾਂ ਸਾਰੇ ਪੱਖਾਂ ਦਾ ਸੁਮੇਲ ਇੱਕ ਅਦੁੱਤੀ ਪ੍ਰੇਮ ਦੀ ਰਚਨਾ ਕਰਦਾ ਹੈ, ਜਿਸਤੋਂ ਸ੍ਰੇਸ਼ਟ ਸੰਸਾਰ ਅੰਦਰ ਕੋਈ ਭਾਵਨਾ ਨਹੀਂ ਹੁੰਦੀ। ਗੁਰਸਿੱਖ ਨੂੰ ਇਹ ਅਤੁੱਲ ਪ੍ਰੇਮ ਦੀ ਤਾਂਘ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ। ਗੁਰਸਿੱਖ ਇਹ ਭਾਵਨਾ ਕਦੀ ਘੱਟਣ ਨਹੀਂ ਦਿੰਦਾ। ਪ੍ਰੇਮ ਆਪਣੇ ਆਪ ਵਿੱਚ ਪਰਿਪੂਰਨ ਸ਼ਕਤੀ ਹੈ, ਜੋ ਜੀਵਨ ਨੂੰ ਅਰਥ ਪ੍ਰਦਾਨ ਕਰਦੀ ਹੈ। ਮਨੁੱਖ ਤਨ ਦਾ ਸੰਚਾਲਕ ਖ਼ੂਨ ਹੈ, ਪ੍ਰੰਤੂ ਮਨੁੱਖੀ ਮਨ ਦਾ ਸੰਚਾਲਕ ਪ੍ਰੇਮ ਹੈ। ਗੁਰਸਿੱਖ ਦੀ ਪ੍ਰੇਮ ਅਵਸਥਾ ਆਤਮਿਕ ਆਨੰਦ ਦੀ ਅਵਸਥਾ ਹੈ। ਗੁਰੂ ਤੇ ਸਿੱਖ ਦਾ ਮੇਲ ਬ੍ਰਹਿਮੰਡ ਦੀ ਇੱਕ ਵਿਸਮਾਦੀ ਘਟਨਾ ਹੈ, ਕਿਉਂਕਿ ਇਹ ਇੱਕ ਸਚਿਆਰ ਅਵਸਥਾ ਦਾ ਸਿਰਜਨ ਹੈ, ਜੋ ਆਦਿ ਸਚੁ ਜੁਗਾਦਿ ਸਚੁ ਦੇ ਯੋਗ ਬਣਾਉਂਦੀ ਹੈ।
ਡਾ.ਸਤਿੰਦਰ ਪਾਲ ਸਿੰਘ ਨੇ ਗੁਰਸਿੱਖਾਂ ਨੂੰ ਆਪਣੀ ਇਸ ਪੁਸਤਕ ਵਿੱਚ ਇਨ੍ਹਾਂ ਪੰਜਾਂ ਵਚਨਾ ਨੂੰ ਆਧਾਰ ਬਣਾਕੇ ਚਲਣ ਦੀ ਪ੍ਰੇਰਨਾ ਦਿੱਤੀ ਹੈ। ਲੇਖਕ ਨੇ ਬਹੁਤ ਹੀ ਸੌਖੇ ਢੰਗ ਨਾਲ ਇਨ੍ਹਾਂ ਵਚਨਾ ਦੀ ਵਿਆਖਿਆ ਕਰਕੇ ਬਾਦਲੀਲ ਗੁਰਬਾਣੀ ਦੀ ਵਿਚਾਰਧਾਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਾਠਕ ਜ਼ਰੂਰ ਇਸ ਜਾਣਕਾਰੀ ਦਾ ਲਾਭ ਉਠਾਕੇ ਆਪਣਾ ਸੰਸਾਰਿਕ ਜੀਵਨ ਬਿਹਤਰ ਬਣਾਉਣਗੇ।
160 ਪੰਨਿਆਂ, 300 ਰੁਪਏ ਭੇਟਾ ਵਾਲੀ ਇਹ ਪੁਸਤਕ ਭਾ.ਚਤਰ ਸਿੰਘ ਜੀਵਨ ਸਿੰਘ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਡਾ.ਸਤਿੰਦਰ ਪਾਲ ਸਿੰਘ (ਮੋਬਾਈਲ:8417852899)
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom© 2026 The Hind Canadian Times. All rights reserved