ਜੀਵੇ ਪੰਜਾਬ ਅਦਬੀ ਸੰਗਤ ਵੱਲੋਂ ਡਾ. ਤੌਹੀਦ ਚੱਠਾ ਦਾ ਸਨਮਾਨ ਕੀਤਾ ਗਿਆ।
ਜੀਵੇ ਪੰਜਾਬ ਅਦਬੀ ਸੰਗਤ ਪੰਜਾਬ ਦੇ ਲੋਕ ਇਤਿਹਾਸ ਬਾਰੇ ਕਰਵਾਈ ਵਿਸ਼ੇਸ਼ ਵਿਚਾਰ-ਚਰਚਾ
Hardam Maan, Special reporter, B.C. (CANADA)
ਸਰੀ, 8 ਨਵੰਬਰ (ਹਰਦਮ ਮਾਨ)-ਜੀਵੇ ਪੰਜਾਬ ਅਦਬੀ ਸੰਗਤ ਅਤੇ ਸਰੀ ਦੀਆਂ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਪੰਜਾਬ ਦੇ ਲੋਕ ਇਤਿਹਾਸ ਬਾਰੇ ਲਹਿੰਦੇ ਪੰਜਾਬ ਦੇ ਨਾਮਵਰ ਵਿਦਵਾਨ ਡਾ. ਤੌਹੀਦ ਚੱਠਾ ਨਾਲ ਵਿਸ਼ੇਸ਼ ਵਿਚਾਰ-ਚਰਚਾ ਕਰਨ ਲਈ ਸਥਾਨਕ ਸੀਨੀਅਰਜ਼ ਸੈਂਟਰ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਜੀਵੇ ਪੰਜਾਬ ਅਦਬੀ ਸੰਗਤ ਦੇ ਸੰਚਾਲਕ ਭੁਪਿੰਦਰ ਮੱਲ੍ਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਨ੍ਹਾਂ ਡਾ. ਤੌਹੀਦ ਚੱਠਾ ਦੀ ਜਾਣ-ਪਛਾਣ ਕਰਵਾਉਂਦਿਆਂ ਨਵੰਬਰ 1984 ਦੇ ਦੁਖਾਂਤ ਸਮੇਤ ਦੁਨੀਆ ਭਰ ਵਿੱਚ ਨਫ਼ਰਤ, ਹਿੰਸਾ, ਜੰਗਾਂ ਅਤੇ ਜ਼ੁਲਮਾਂ ਦੀ ਭੇਟ ਚੜ੍ਹੇ ਬੇਕਸੂਰ ਲੋਕਾਂ ਨੂੰ ਯਾਦ ਕੀਤਾ। ਉਨ੍ਹਾਂ ਸਭਨਾਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਮਾਜ ਵਿੱਚੋਂ ਨਫ਼ਰਤ ਤੇ ਹਿੰਸਾ ਖ਼ਤਮ ਕਰਨ ਦਾ ਅਹਿਦ ਲਿਆ ਗਿਆ।

ਇਸ ਸਮਾਗਮ ਦੀ ਪ੍ਰਧਾਨਗੀ ਡਾ. ਤੌਹੀਦ ਚੱਠਾ, ਡਾ. ਸਾਧੂ ਸਿੰਘ, ਡਾ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ਭੁਪਿੰਦਰ ਮੱਲ੍ਹੀ ਨੇ ਕੀਤੀ। ਇਸ ਮੌਕੇ ਡਾ. ਸਾਧੂ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਮਨੁੱਖ ਨੂੰ ਆਪਸੀ ਸੰਵਾਦ, ਸਹਿਣਸ਼ੀਲਤਾ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਪ੍ਰੇਰਨਾ ਦਿੰਦਾ ਹੈ। ਗੁਰਬਾਣੀ ਦੀ ਪੰਕਤੀ ‘ਕਿਛੁ ਸੁਣੀਐ ਕਿਛੁ ਕਹੀਐ ਨਾਨਕ’ ਮਨੁੱਖੀ ਸੰਵਾਦ ਦੀ ਇਸੇ ਮਹੱਤਤਾ ਨੂੰ ਉਜਾਗਰ ਕਰਦੀ ਹੈ। ਇਸ ਦਾ ਭਾਵ ਹੈ ਕਿ ਮਨੁੱਖ ਨੂੰ ਸਿਰਫ਼ ਆਪਣੀ ਗੱਲ ਕਹਿਣ ਦੀ ਹੀ ਨਹੀਂ, ਸਗੋਂ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨ ਅਤੇ ਸਮਝਣ ਦੀ ਜਾਚ ਵੀ ਸਿੱਖਣੀ ਚਾਹੀਦੀ ਹੈ। ਸੰਵਾਦ ਰਾਹੀਂ ਹੀ ਵਿਚਾਰਾਂ ਦੀ ਸਾਂਝ, ਆਪਸੀ ਸਮਝ ਅਤੇ ਸਹਿਮਤੀ ਦੇ ਰਾਹ ਖੁੱਲ੍ਹਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਅੱਜ ਸਮਾਜ ਵਿੱਚ ਇਸ ਫਲਸਫੇ ਦੇ ਉਲਟ ਨਫ਼ਰਤ, ਵੈਰ-ਵਿਰੋਧ ਅਤੇ ਟਕਰਾਅ ਦਾ ਮਾਹੌਲ ਵਧ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅੱਜ ਪਹਿਲਾਂ ਨਾਲੋਂ ਵੀ ਵੱਧ ਪ੍ਰਸੰਗਿਕ ਹੈ, ਕਿਉਂਕਿ ਮਨੁੱਖਤਾ ਨੂੰ ਲੜਾਈ-ਝਗੜੇ ਦੀ ਨਹੀਂ, ਸਗੋਂ ਸੰਵਾਦ ਅਤੇ ਸਾਂਝ ਦੀ ਲੋੜ ਹੈ।
ਡਾ. ਤੌਹੀਦ ਚੱਠਾ ਨੇ ਵਾਰਿਸ ਸ਼ਾਹ ਦੀ ਹੀਰ ਦੇ ਹਵਾਲੇ ਨਾਲ ਆਪਣੀ ਗੱਲਬਾਤ ਸ਼ੁਰੂ ਕਰਦਿਆਂ ਕਿਹਾ ਕਿ ਪੰਜਾਬ ਦਾ ਇਤਿਹਾਸ ਸਿਰਫ਼ ਰਾਜਿਆਂ, ਜੰਗਾਂ ਅਤੇ ਹਕੂਮਤਾਂ ਤੱਕ ਸੀਮਤ ਨਹੀਂ, ਸਗੋਂ ਇਸ ਵਿੱਚ ਦਰਿਆਵਾਂ, ਪਿੰਡਾਂ, ਲੋਕ-ਗੀਤਾਂ, ਕਿੱਸਿਆਂ, ਮੁਹਾਵਰਿਆਂ, ਬਜ਼ੁਰਗਾਂ ਦੀਆਂ ਯਾਦਾਂ ਅਤੇ ਆਮ ਲੋਕਾਂ ਦੇ ਜੀਵਨ ਦੀ ਵੀ ਅਹਿਮ ਭੂਮਿਕਾ ਹੈ। ਇਤਿਹਾਸ ਦੀ ਸੰਪੂਰਨ ਸਮਝ ਲਈ ਲਿਖਤੀ ਦਸਤਾਵੇਜ਼ਾਂ ਦੇ ਨਾਲ-ਨਾਲ ਲੋਕਾਂ ਦੀਆਂ ਅਣਲਿਖੀਆਂ ਕਹਾਣੀਆਂ ਨੂੰ ਵੀ ਸੰਭਾਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੇਵਲ ਪੰਜ ਦਰਿਆਵਾਂ ਦੀ ਧਰਤੀ ਕਹਿਣਾ ਇਸ ਦੇ ਭੂਗੋਲ ਅਤੇ ਇਤਿਹਾਸ ਨੂੰ ਸੀਮਤ ਕਰਨਾ ਹੈ। ਛੋਟੀਆਂ ਨਦੀਆਂ, ਚੋਆਂ, ਪੁਰਾਣੇ ਜਲ-ਮਾਰਗਾਂ ਅਤੇ ਨਹਿਰਾਂ ਨੇ ਵੀ ਪੰਜਾਬ ਦੀ ਵਸੋਂ, ਖੇਤੀਬਾੜੀ, ਵਪਾਰ ਅਤੇ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਵਾਰਿਸ ਸ਼ਾਹ ਦੀ ਹੀਰ ਦੇ ਹਵਾਲੇ ਨਾਲ ਉਨ੍ਹਾਂ ਸਮਝਾਇਆ ਕਿ ਕਿੱਸਾ-ਕਾਵਿ ਸਿਰਫ਼ ਪ੍ਰੇਮ ਕਹਾਣੀਆਂ ਨਹੀਂ, ਸਗੋਂ ਉਸ ਸਮੇਂ ਦੇ ਸਮਾਜਿਕ ਰਿਸ਼ਤਿਆਂ, ਰੀਤੀ-ਰਿਵਾਜਾਂ, ਪਿੰਡਾਂ, ਰਾਜਸੀ ਹਾਲਾਤ ਅਤੇ ਲੋਕ-ਮਾਨਸਿਕਤਾ ਦੇ ਮਹੱਤਵਪੂਰਨ ਇਤਿਹਾਸਕ ਸਰੋਤ ਵੀ ਹਨ। ਧਨੀ ਰਾਮ ਚਾਤ੍ਰਿਕ ਦੀਆਂ ਰਚਨਾਵਾਂ ਵਿੱਚ ਵਰਤੇ ਮੁਹਾਵਰਿਆਂ ਅਤੇ ਲੋਕ-ਬੋਲੀਆਂ ਰਾਹੀਂ ਵੀ ਸਮਾਜ ਦੀ ਸੋਚ ਅਤੇ ਜੀਵਨ-ਜਾਚ ਨੂੰ ਸਮਝਿਆ ਜਾ ਸਕਦਾ ਹੈ।
ਉਨ੍ਹਾਂ ਰਵਾਇਤੀ ਇਤਿਹਾਸਕਾਰੀ ਵਿੱਚ ਕਿਸਾਨਾਂ, ਕਾਰੀਗਰਾਂ, ਮਜ਼ਦੂਰਾਂ, ਔਰਤਾਂ ਅਤੇ ਆਮ ਲੋਕਾਂ ਨੂੰ ਬਣਦੀ ਥਾਂ ਨਾ ਮਿਲਣ ਵੱਲ ਧਿਆਨ ਦਿਵਾਇਆ। ਇਸ ਘਾਟ ਨੂੰ ਪੂਰਾ ਕਰਨ ਲਈ ਮੌਖਿਕ ਇਤਿਹਾਸ ਦੀ ਸੰਭਾਲ, ਬਜ਼ੁਰਗਾਂ ਦੀਆਂ ਯਾਦਾਂ, ਵੰਡ ਸਮੇਂ ਦੇ ਤਜਰਬਿਆਂ ਅਤੇ ਪਰਿਵਾਰਕ ਕਿੱਸਿਆਂ ਨੂੰ ਰਿਕਾਰਡ ਕਰਨਾ ਜ਼ਰੂਰੀ ਹੈ। ਇਹ ਕੰਮ ਪੂਰਬੀ ਅਤੇ ਪੱਛਮੀ ਦੋਵਾਂ ਪੰਜਾਬਾਂ ਵਿੱਚ ਹੋਣਾ ਚਾਹੀਦਾ ਹੈ, ਤਾਂ ਜੋ ਪੰਜਾਬ ਦੇ ਸਾਂਝੇ ਅਤੀਤ ਦੀ ਸੰਪੂਰਨ ਤਸਵੀਰ ਸਾਹਮਣੇ ਆ ਸਕੇ।
ਵਿਚਾਰ-ਚਰਚਾ ਦੌਰਾਨ ਇਤਿਹਾਸ ਨੂੰ ਹਿੰਦੂ ਕਾਲ, ਮੁਸਲਿਮ ਕਾਲ ਜਾਂ ਸਿੱਖ ਕਾਲ ਵਰਗੇ ਧਾਰਮਿਕ ਖਾਨਿਆਂ ਵਿੱਚ ਵੰਡਣ ਦੀ ਪ੍ਰਵਿਰਤੀ ’ਤੇ ਵੀ ਸਵਾਲ ਉਠਾਏ ਗਏ। ਡਾ. ਚੱਠਾ ਅਨੁਸਾਰ ਕਿਸੇ ਯੁੱਗ ਦੀ ਪਛਾਣ ਉਸ ਸਮੇਂ ਦੀ ਰਾਜਸੀ ਸੱਤਾ, ਪ੍ਰਸ਼ਾਸਨਿਕ ਪ੍ਰਬੰਧ, ਆਰਥਿਕਤਾ ਅਤੇ ਸਮਾਜਿਕ ਹਾਲਾਤ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਉਨ੍ਹਾਂ ਬਸਤੀਵਾਦੀ ਦੌਰ ਦੇ ਸਰਵੇਖਣਾਂ ਅਤੇ ਇਤਿਹਾਸਕ ਖੋਜਾਂ ਨੂੰ ਵੀ ਉਨ੍ਹਾਂ ਦੇ ਰਾਜਸੀ ਤੇ ਪ੍ਰਸ਼ਾਸਕੀ ਸੰਦਰਭ ਵਿੱਚ ਪਰਖਣ ਦੀ ਲੋੜ ਦੱਸੀ। ਇਤਿਹਾਸਕ ਸਰੋਤਾਂ ਦੀ ਭਰੋਸੇਯੋਗਤਾ, ਲੇਖਕ ਦੀ ਦ੍ਰਿਸ਼ਟੀ ਅਤੇ ਉਦੇਸ਼ ਬਾਰੇ ਸਵਾਲ ਕਰਨਾ ਗਿਆਨ ਦੇ ਵਿਕਾਸ ਲਈ ਲਾਜ਼ਮੀ ਹੈ। ਪੁਰਾਤੱਤਵਕ ਵਸਤਾਂ ਨੂੰ ਅਜਾਇਬਘਰਾਂ ਵਿੱਚ ਸੰਭਾਲਣ ਦੇ ਨਾਲ ਉਨ੍ਹਾਂ ਦੇ ਰਵਾਇਤੀ ਨਾਂ, ਵਰਤੋਂ ਅਤੇ ਸਥਾਨਕ ਲੋਕਾਂ ਕੋਲ ਮੌਜੂਦ ਗਿਆਨ ਨੂੰ ਵੀ ਇਕੱਠਾ ਕਰਨ ਦੀ ਲੋੜ ਹੈ। ਵੰਡ ਕਾਰਨ ਦੋਵਾਂ ਦੇਸ਼ਾਂ ਵਿੱਚ ਵੰਡੀਆਂ ਗਈਆਂ ਸਾਂਝੀਆਂ ਵਿਰਾਸਤੀ ਵਸਤਾਂ ਦੀ ਖੋਜ ਅਤੇ ਸੰਭਾਲ ਲਈ ਸਰਹੱਦਾਂ ਤੋਂ ਪਾਰ ਸਹਿਯੋਗ ਦੀ ਵਕਾਲਤ ਵੀ ਕੀਤੀ ਗਈ।
ਪੰਜਾਬ ਦੀ ਵੰਡ ਨਾਲ ਭੂਗੋਲ ਦੇ ਨਾਲ-ਨਾਲ ਪੰਜਾਬੀ ਪਾਠਕ ਵੀ ਗੁਰਮੁਖੀ ਅਤੇ ਸ਼ਾਹਮੁਖੀ ਦੀਆਂ ਵੱਖਰੀਆਂ ਲਿਪੀਆਂ ਵਿੱਚ ਵੰਡੇ ਗਏ, ਜਿਸ ਕਾਰਨ ਦੋਵਾਂ ਪਾਸਿਆਂ ਦਾ ਸਾਹਿਤਕ ਸੰਪਰਕ ਘਟਿਆ। ਉਨ੍ਹਾਂ ਗੁਰਮੁਖੀ ਅਤੇ ਸ਼ਾਹਮੁਖੀ ਦੋਵਾਂ ਲਿਪੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਲੋੜ ਦੱਸਦਿਆਂ ਪੱਛਮੀ ਪੰਜਾਬ ਵਿੱਚ ਗੁਰਮੁਖੀ ਸਿੱਖਣ ਦੀ ਵਧ ਰਹੀ ਰੁਚੀ ਅਤੇ ਲਾਹੌਰ ਵਿੱਚ ਚੱਲ ਰਹੀਆਂ ਜਮਾਤਾਂ ਨੂੰ ਉਮੀਦਜਨਕ ਕਦਮ ਕਿਹਾ। ਦੋਵਾਂ ਲਿਪੀਆਂ ਦੀ ਜਾਣਕਾਰੀ ਨਾਲ ਪੰਜਾਬ ਦਾ ਸਾਂਝਾ ਸਾਹਿਤਕ ਅਤੇ ਸੱਭਿਆਚਾਰਕ ਖ਼ਜ਼ਾਨਾ ਮੁੜ ਸਾਂਝਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਪੁਸਤਕਾਂ ਅਤੇ ਭਾਸ਼ਣਾਂ ਦੇ ਨਾਲ ਨਾਲ ਫ਼ਿਲਮਾਂ, ਟੈਲੀਵਿਜ਼ਨ ਲੜੀਆਂ, ਦਸਤਾਵੇਜ਼ੀ ਫ਼ਿਲਮਾਂ ਅਤੇ ਬੱਚਿਆਂ ਲਈ ਐਨੀਮੇਸ਼ਨ ਵਰਗੇ ਨਵੇਂ ਮਾਧਿਅਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਪੰਜਾਬ ਦੇ ਯੋਧਿਆਂ, ਲੋਕ-ਨਾਇਕਾਂ, ਇਤਿਹਾਸਕ ਸੰਘਰਸ਼ਾਂ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਦੀਆਂ ਕਹਾਣੀਆਂ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਸਕਦੀਆਂ ਹਨ।
ਵਿਚਾਰ-ਚਰਚਾ ਨੂੰ ਸਮੇਟਦਿਆਂ ਪ੍ਰਸਿੱਧ ਵਿਦਵਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਗੁਰੂ ਸਾਹਿਬਾਨ ਦੇ ਜੀਵਨ ਅਤੇ ਕੁਰਬਾਨੀਆਂ ਦੇ ਇਤਿਹਾਸਕ ਮਹੱਤਵ ਦਾ ਜ਼ਿਕਰ ਕੀਤਾ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ, ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਗੁਰੂ ਨਾਨਕ ਦੇਵ ਜੀ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਮਨੁੱਖਤਾ, ਬਰਾਬਰੀ, ਸੱਚ ਅਤੇ ਜ਼ੁਲਮ ਵਿਰੁੱਧ ਡਟਣ ਦਾ ਸੰਦੇਸ਼ ਦੱਸਿਆ। ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਵਰਗੇ ਯੋਧਿਆਂ ਦੀਆਂ ਗਾਥਾਵਾਂ ਨੂੰ ਪੰਜਾਬ ਦੇ ਲੋਕ-ਮਨ ਵਿੱਚ ਸਵੈਮਾਣ ਅਤੇ ਆਜ਼ਾਦ ਸੋਚ ਦੇ ਪ੍ਰਤੀਕ ਵਜੋਂ ਯਾਦ ਕਰਦਿਆਂ ਇਨ੍ਹਾਂ ਇਤਿਹਾਸਕ ਘਟਨਾਵਾਂ ਤੋਂ ਅੱਜ ਦੇ ਜੀਵਨ ਲਈ ਸਬਕ ਲੈਣ ਦੀ ਲੋੜ ਉਭਾਰੀ। ਉਨ੍ਹਾਂ ਹੜੱਪਾ ਅਤੇ ਸਿੰਧੂ ਘਾਟੀ ਦੀ ਸਭਿਅਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਮੇਸੋਪੋਟਾਮੀਆ ਦੇ ਪੁਰਾਤਨ ਸਰੋਤਾਂ ਵਿੱਚ ਮਿਲਦੇ ‘ਮੇਲੂਹਾ’ ਦੇ ਹਵਾਲੇ ਨੂੰ ਵੀ ਚਰਚਾ ਦਾ ਹਿੱਸਾ ਬਣਾਇਆ। ਉਨ੍ਹਾਂ ਕਿਹਾ ਕਿ ਖੋਜ ਸਿਰਫ਼ ਇਸ ਗੱਲ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਕਿ ਪੰਜਾਬੀ ਭਾਸ਼ਾ ਨੇ ਹੋਰਨਾਂ ਭਾਸ਼ਾਵਾਂ ਤੋਂ ਕੀ ਗ੍ਰਹਿਣ ਕੀਤਾ, ਸਗੋਂ ਇਹ ਵੀ ਪੜਚੋਲ ਹੋਣੀ ਚਾਹੀਦੀ ਹੈ ਕਿ ਪੰਜਾਬ ਨੇ ਵਿਸ਼ਵ ਸਭਿਅਤਾ ਨੂੰ ਕੀ ਯੋਗਦਾਨ ਦਿੱਤਾ।
ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਸਭਨਾਂ ਦਾ ਧੰਨਵਾਦ ਕੀਤਾ। ਅੰਤ ਵਿੱਚ ਜੀਵੇ ਪੰਜਾਬ ਅਦਬੀ ਸੰਗਤ ਵੱਲੋਂ ਡਾ. ਤੌਹੀਦ ਚੱਠਾ ਦਾ ਸਨਮਾਨ ਕੀਤਾ ਗਿਆ। ਸਮਾਗਮ ਦੇ ਪ੍ਰਬੰਧਕੀ ਕਾਰਜਾਂ ਵਿੱਚ ਲਵਪ੍ਰੀਤ ਲੱਕੀ ਸੰਧੂ ਅਤੇ ਰਿੱਕੀ ਬਾਜਵਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved