‘ਸਿਰਜਣਾ ਦੇ ਆਰ-ਪਾਰ’ ਦੀ 61ਵੀਂ ਕੜੀ ਤਹਿਤ ਉੱਘੇ ਵਿਦਵਾਨ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਚਾਂਸਲਰ ਪ੍ਰੋ. ਡਾ. ਜਗਬੀਰ ਸਿੰਘ ਨਾਲ ਵਿਸ਼ੇਸ਼ ਆਨਲਾਈਨ ਰੂਬਰੂ ਕਰਵਾਇਆ ਗਿਆ।
THE HIND CANADIAN TIMES EDITORIAL DESK –
BRAMPTON, ONTARIO | November 24, 2026 |RAMINDER WALIA
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ (ਕੈਨੇਡਾ) ਵੱਲੋਂ ਸਾਹਿਤ, ਸੱਭਿਆਚਾਰ ਅਤੇ ਚਿੰਤਨ ਦੇ ਖੇਤਰ ਵਿੱਚ ਨਿਰੰਤਰ ਨਵੀਆਂ ਪੈੜਾਂ ਸਿਰਜ ਰਹੇ ਆਪਣੇ ਹਰਮਨਪਿਆਰੇ ਸਾਹਿਤਕ ਲੜੀਵਾਰ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’ ਦੀ 61ਵੀਂ ਕੜੀ ਤਹਿਤ ਭਾਰਤੀ ਗਿਆਨ ਪਰੰਪਰਾ ਦੇ ਉੱਘੇ ਵਿਦਵਾਨ, ਪ੍ਰਸਿੱਧ ਸਾਹਿਤਕ ਆਲੋਚਕ, ਚਿੰਤਕ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਚਾਂਸਲਰ ਪ੍ਰੋ. ਡਾ. ਜਗਬੀਰ ਸਿੰਘ ਨਾਲ ਵਿਸ਼ੇਸ਼ ਆਨਲਾਈਨ ਰੂਬਰੂ ਕਰਵਾਇਆ ਗਿਆ। ਗਿਆਨ, ਅਨੁਭਵ, ਅਧਿਆਤਮਕ ਚਿੰਤਨ ਅਤੇ ਜੀਵਨ ਮੁੱਲਾਂ ਦੇ ਸੁਮੇਲ ਵਾਲਾ ਇਹ ਰੂਬਰੂ ਇੱਕ ਯਾਦਗਾਰੀ ਬੌਧਿਕ ਸੰਵਾਦ ਹੋ ਨਿੱਬੜਿਆ। ਜ਼ੂਮ ਅਤੇ ਫੇਸਬੁੱਕ ਲਾਈਵ ਰਾਹੀਂ ਕਰਵਾਏ ਗਏ ਇਸ ਸਮਾਗਮ ਵਿੱਚ ਭਾਰਤ, ਕੈਨੇਡਾ ਅਤੇ ਹੋਰ ਦੇਸ਼ਾਂ ਤੋਂ ਸਾਹਿਤਕਾਰਾਂ, ਵਿਦਵਾਨਾਂ ਅਤੇ ਸਾਹਿਤ ਪ੍ਰੇਮੀਆਂ ਨੇ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਦਾ ਆਗਾਜ਼ ਸੰਸਥਾ ਦੀ ਫ਼ਾਊਂਡਰ, ਪ੍ਰਧਾਨ ਅਤੇ ਪ੍ਰਬੰਧਕ ਰਮਿੰਦਰ ਵਾਲੀਆ (ਰੰਮੀ) ਵੱਲੋਂ ਨਿੱਘੇ ਸਵਾਗਤੀ ਸ਼ਬਦਾਂ ਨਾਲ ਕੀਤਾ ਗਿਆ। ਉਨ੍ਹਾਂ ਨੇ ਸੰਸਥਾ ਦੇ ਸਾਹਿਤਕ ਉਦੇਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਸਿਰਜਣਾ ਦੇ ਆਰ-ਪਾਰ’ ਕੇਵਲ ਸਾਹਿਤਕ ਸ਼ਖ਼ਸੀਅਤਾਂ ਨਾਲ ਜਾਣ-ਪਛਾਣ ਕਰਵਾਉਣ ਦਾ ਮੰਚ ਹੀ ਨਹੀਂ, ਸਗੋਂ ਵੱਖ-ਵੱਖ ਪੀੜ੍ਹੀਆਂ ਅਤੇ ਦੇਸ਼ਾਂ ਵਿਚਕਾਰ ਗਿਆਨ, ਅਨੁਭਵ ਅਤੇ ਵਿਚਾਰਾਂ ਦੀ ਸਾਂਝ ਪੈਦਾ ਕਰਨ ਦਾ ਮਹੱਤਵਪੂਰਨ ਉਪਰਾਲਾ ਹੈ। ਕਨਵੀਨਰ ਡਾ. ਬਲਜੀਤ ਕੌਰ ਰਿਆੜ ਨੇ ਪ੍ਰੋ. ਡਾ. ਜਗਬੀਰ ਸਿੰਘ ਦੀ ਵਿਲੱਖਣ ਸ਼ਖ਼ਸੀਅਤ, ਅਕਾਦਮਿਕ ਪ੍ਰਾਪਤੀਆਂ ਅਤੇ ਪੰਜਾਬੀ ਸਾਹਿਤਕ ਆਲੋਚਨਾ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਬਾਰੇ ਜਾਣ-ਪਛਾਣ ਕਰਵਾਈ।
ਇਸ ਵਿਸ਼ੇਸ਼ ਰੂਬਰੂ ਦਾ ਸੰਚਾਲਨ ਸੰਸਥਾ ਦੀ ਵਾਈਸ ਚੇਅਰਪਰਸਨ ਅਤੇ ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਕੁਲਜੀਤ ਕੌਰ ਨੇ ਕੀਤਾ। ਉਨ੍ਹਾਂ ਨੇ ਪ੍ਰੋ. ਡਾ. ਜਗਬੀਰ ਸਿੰਘ ਦੇ ਜੀਵਨ, ਸਾਹਿਤਕ ਸਾਧਨਾ, ਆਲੋਚਨਾ ਦ੍ਰਿਸ਼ਟੀ, ਗੁਰਬਾਣੀ ਅਧਿਐਨ ਅਤੇ ਭਾਰਤੀ ਗਿਆਨ ਪਰੰਪਰਾ ਨਾਲ ਸਬੰਧਿਤ ਵਿਭਿੰਨ ਪ੍ਰਸ਼ਨਾਂ ਰਾਹੀਂ ਸੰਵਾਦ ਨੂੰ ਡੂੰਘਾਈ ਅਤੇ ਸਾਰਥਕ ਦਿਸ਼ਾ ਪ੍ਰਦਾਨ ਕੀਤੀ।
ਰੂਬਰੂ ਦੌਰਾਨ ਪ੍ਰੋ. ਡਾ. ਜਗਬੀਰ ਸਿੰਘ ਨੇ ਭਾਰਤੀ ਗਿਆਨ ਪਰੰਪਰਾ, ਵੇਦਾਂ, ਗੁਰਬਾਣੀ ਅਤੇ ਮੱਧਕਾਲੀ ਪੰਜਾਬੀ ਸਾਹਿਤ ਦੇ ਆਪਸੀ ਸਬੰਧਾਂ ਬਾਰੇ ਵਿਸਥਾਰਪੂਰਵਕ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਭਾਰਤੀ ਗਿਆਨ ਪਰੰਪਰਾ ਸਦੀਆਂ ਤੋਂ ਮਨੁੱਖ ਨੂੰ ਸੱਚ, ਚੇਤਨਾ ਅਤੇ ਜੀਵਨ ਦੇ ਗੂੜ੍ਹ ਰਹੱਸਾਂ ਨਾਲ ਜੋੜਦੀ ਆ ਰਹੀ ਹੈ। ਉਨ੍ਹਾਂ ਦੇ ਵਿਚਾਰ ਅਨੁਸਾਰ ਵੇਦਾਂ ਤੋਂ ਪ੍ਰਵਾਹਮਾਨ ਗਿਆਨ ਦੀ ਨਿਰੰਤਰ ਧਾਰਾ ਗੁਰਬਾਣੀ ਵਿੱਚ ਆਪਣੀ ਉੱਚਤਮ ਅਧਿਆਤਮਕ ਅਤੇ ਮਾਨਵੀ ਅਭਿਵਿਅਕਤੀ ਪ੍ਰਾਪਤ ਕਰਦੀ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ੋਰ ਦਿੱਤਾ ਕਿ ਗੁਰਬਾਣੀ ਕੇਵਲ ਅਧਿਆਤਮਕ ਮੁਕਤੀ ਦਾ ਮਾਰਗ ਹੀ ਨਹੀਂ ਦਿਖਾਉਂਦੀ, ਸਗੋਂ ਮਨੁੱਖ ਨੂੰ ਪਰਮ ਸੱਚ ਦੀ ਸੋਝੀ, ਨੈਤਿਕ ਸਾਹਸ ਅਤੇ ਅਨਿਆਂ ਵਿਰੁੱਧ ਪ੍ਰਤੀਰੋਧ ਦੀ ਚੇਤਨਾ ਵੀ ਪ੍ਰਦਾਨ ਕਰਦੀ ਹੈ।
ਸੰਵਾਦ ਦਾ ਇੱਕ ਬੇਹੱਦ ਦਿਲਚਸਪ ਪਲ ਉਸ ਸਮੇਂ ਆਇਆ ਜਦੋਂ ਪ੍ਰੋ. ਡਾ. ਜਗਬੀਰ ਸਿੰਘ ਨੇ ਰਿਗਵੇਦ ਦੇ ਪ੍ਰਸਿੱਧ ‘ਨਾਸਦੀਯ ਸੂਕਤ’ ਦੇ ਆਪਣੇ ਵੱਲੋਂ ਕੀਤੇ ਪੰਜਾਬੀ ਕਾਵਿ-ਅਨੁਵਾਦ ਦੀਆਂ ਸਤਰਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਦੀ ਇਸ ਪੇਸ਼ਕਾਰੀ ਨੇ ਸੰਸਕ੍ਰਿਤ ਅਤੇ ਪੰਜਾਬੀ ਭਾਸ਼ਾ ਦੀ ਸਾਂਝ ਦੇ ਨਾਲ-ਨਾਲ ਭਾਰਤੀ ਚਿੰਤਨ ਦੀ ਡੂੰਘਾਈ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਸਾਹਿਤ ਅਤੇ ਦਰਸ਼ਨ ਦਾ ਅਸਲ ਉਦੇਸ਼ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਅਤੇ ਜੀਵਨ ਦੇ ਸੱਚ ਨੂੰ ਸਮਝਣ ਲਈ ਪ੍ਰੇਰਿਤ ਕਰਨਾ ਹੈ।
ਆਪਣੇ ਜੀਵਨ ਸਫ਼ਰ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ 1947 ਦੀ ਦੇਸ਼ ਵੰਡ ਦੇ ਦਰਦਨਾਕ ਅਨੁਭਵਾਂ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਉਸ ਸਮੇਂ ਉਹ ਕੇਵਲ ਦਸ ਸਾਲਾਂ ਦੇ ਸਨ ਅਤੇ ਵੰਡ ਦੀ ਤ੍ਰਾਸਦੀ ਨੇ ਉਨ੍ਹਾਂ ਦੇ ਬਾਲ ਮਨ ਉੱਤੇ ਡੂੰਘਾ ਪ੍ਰਭਾਵ ਪਾਇਆ। ਉਨ੍ਹਾਂ ਨੇ 1967 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਪ੍ਰਾਪਤ ਜੂਨੀਅਰ ਰਿਸਰਚ ਫੈਲੋਸ਼ਿਪ ਅਤੇ ਆਪਣੇ ਗੁਰੂਦੇਵ ਡਾ. ਹਰਭਜਨ ਸਿੰਘ ਅਤੇ ਪ੍ਰੋ. ਕਪਿਲ ਕਪੂਰ ਦੇ ਮਾਰਗਦਰਸ਼ਨ ਨੂੰ ਵੀ ਸਤਿਕਾਰ ਸਹਿਤ ਯਾਦ ਕੀਤਾ।
ਆਪਣੇ ਬੌਧਿਕ ਵਿਕਾਸ ਦੀ ਗੱਲ ਕਰਦਿਆਂ ਪ੍ਰੋ. ਡਾ. ਜਗਬੀਰ ਸਿੰਘ ਨੇ ਮਾਰਕਸਵਾਦੀ ਚਿੰਤਨ ਤੋਂ ਗੁਰਮਤਿ ਦਰਸ਼ਨ ਵੱਲ ਆਪਣੇ ਵਿਚਾਰਧਾਰਕ ਸਫ਼ਰ ਬਾਰੇ ਬੜੀ ਸਪੱਸ਼ਟਤਾ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਮੱਧਕਾਲੀ ਪੰਜਾਬੀ ਸਾਹਿਤ ਅਤੇ ਗੁਰਬਾਣੀ ਕੇਵਲ ਬੀਤੇ ਸਮੇਂ ਦੀ ਵਿਰਾਸਤ ਨਹੀਂ, ਸਗੋਂ ਵਰਤਮਾਨ ਸਮਾਜ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲਈ ਮਹੱਤਵਪੂਰਨ ਜੀਵਨ ਦ੍ਰਿਸ਼ਟੀ ਪ੍ਰਦਾਨ ਕਰਦੇ ਹਨ।
ਰੂਬਰੂ ਦਾ ਇੱਕ ਹੋਰ ਵਿਸ਼ੇਸ਼ ਪਹਿਲੂ ਪ੍ਰੋ. ਡਾ. ਜਗਬੀਰ ਸਿੰਘ ਦੀ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਜਾਚ ਨਾਲ ਸਬੰਧਿਤ ਰਿਹਾ। ਕਰੀਬ 90 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਦੀ ਮਾਨਸਿਕ ਚੁਸਤੀ, ਯਾਦਦਾਸ਼ਤ, ਵਿਚਾਰਾਂ ਦੀ ਸਪੱਸ਼ਟਤਾ ਅਤੇ ਸਰਗਰਮ ਜੀਵਨ ਸ਼ੈਲੀ ਨੇ ਸਰੋਤਿਆਂ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲੀ ਜੀਵਨ ਤੋਂ ਹੀ ਯੋਗ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਅਟੁੱਟ ਅੰਗ ਰਿਹਾ ਹੈ। ਉਨ੍ਹਾਂ ਅਨੁਸਾਰ ਪਿਛਲੇ ਸੱਤਰ ਸਾਲਾਂ ਤੋਂ ਵੱਧ ਸਮੇਂ ਤੋਂ ਨਿਯਮਿਤ ਯੋਗ ਅਭਿਆਸ, ਸੰਤੁਲਿਤ ਖ਼ੁਰਾਕ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਨੇ ਉਨ੍ਹਾਂ ਨੂੰ ਤੰਦਰੁਸਤ ਅਤੇ ਸਰਗਰਮ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਉਮਰ ਵਿੱਚ ਵੀ ਬਿਨਾਂ ਐਲੋਪੈਥਿਕ ਦਵਾਈਆਂ ਦੇ ਆਪਣਾ ਜੀਵਨ ਬਤੀਤ ਕਰ ਰਹੇ ਹਨ।ਸ੍ਰੋਤਿਆਂ ਨੇ ਉਹਨਾਂ ਨੂੰ ਮੰਤਰ – ਮੁਗਧ ਹੋ ਕੇ ਸੁਣਿਆ ।
ਇਸ ਮੌਕੇ ਉਨ੍ਹਾਂ ਦੇ ਸਪੁੱਤਰ ਪ੍ਰੋ. ਰਵਿੰਦਰ ਸਿੰਘ ਨੇ ਵੀ ਪਰਿਵਾਰਕ ਜੀਵਨ ਦੀਆਂ ਦਿਲਚਸਪ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਘਰ ਵਿੱਚ ਸਾਹਿਤਕ, ਅਕਾਦਮਿਕ ਅਤੇ ਵਿਚਾਰਸ਼ੀਲ ਮਾਹੌਲ ਰਿਹਾ ਹੈ, ਜਿੱਥੇ ਕਿਸੇ ਵੀ ਵਿਚਾਰਧਾਰਕ ਕੱਟੜਤਾ ਤੋਂ ਉੱਪਰ ਉੱਠ ਕੇ ਹਰ ਵਿਸ਼ੇ ਉੱਤੇ ਖੁੱਲ੍ਹੇ ਮਨ ਨਾਲ ਸੰਵਾਦ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਦੇ ਵਿਚਾਰਾਂ ਰਾਹੀਂ ਪ੍ਰੋ. ਡਾ. ਜਗਬੀਰ ਸਿੰਘ ਦੀ ਵਿਦਵਤਾ ਦੇ ਨਾਲ-ਨਾਲ ਉਨ੍ਹਾਂ ਦੀ ਉਦਾਰ, ਸੰਵੇਦਨਸ਼ੀਲ ਅਤੇ ਸੰਵਾਦਮੁਖੀ ਸ਼ਖ਼ਸੀਅਤ ਦਾ ਪੱਖ ਵੀ ਸਾਹਮਣੇ ਆਇਆ।
ਪ੍ਰੋਗਰਾਮ ਦੌਰਾਨ ਪ੍ਰੋ. ਕੁਲਜੀਤ ਕੌਰ ਨੇ ਸੰਸਥਾ ਵੱਲੋਂ ਸਾਹਿਤਕ ਗਤੀਵਿਧੀਆਂ ਦੇ ਨਾਲ-ਨਾਲ ਰਮਿੰਦਰ ਰੰਮੀ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਕੀਤੇ ਜਾਂਦੇ ਮਾਸਿਕ ਸਾਹਿਤਕ ਈ-ਮੈਗਜ਼ੀਨ ਦੀ ਸ਼ਲਾਘਾ ਕਰਦਿਆਂ ਇਸ ਨੂੰ ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਅਤੇ ਪਾਠਕਾਂ ਨੂੰ ਜੋੜਨ ਵਾਲਾ ਸਾਰਥਕ ਉਪਰਾਲਾ ਦੱਸਿਆ।
ਇਸ ਸਾਹਿਤਕ ਸਮਾਗਮ ਵਿੱਚ ਡਾ. ਬਲਜੀਤ ਕੌਰ ਰਿਆੜ, ਚੇਅਰਮੈਨ ਸ . ਅਜੈਬ ਸਿੰਘ ਚੱਠਾ , ਪ੍ਰੋ. ਡਾ . ਸੁਹਿੰਦਰ ਬੀਰ ਸਿੰਘ , ਡਾ. ਰਾਜਵਿੰਦਰ ਕੌਰ ਹੁੰਦਲ (ਪ੍ਰਿੰਸੀਪਲ, ਜੀ.ਐੱਨ.ਡੀ.ਯੂ. ਕਾਲਜ, ਫਿਲੌਰ), ਸੁਰਜੀਤ ਕੌਰ, ਪ੍ਰੋ. ਪਵਨ ਖਿੱਚੀ (ਮਾਨਸਾ), ਰਿੰਟੂ ਭਾਟੀਆ , ਅਰਮਾਨਪ੍ਰੀਤ ਸਿੰਘ , ਡਾ . ਇੰਦਰਜੀਤ ਕੌਰ ਰਾਵੇਲ , ਡਾ . ਮੋਹਨ ਬੇਗੋਵਾਲ , ਕੁਲਵਿੰਦਰ ਸਿੰਘ ਗਾਖਲ (ਪ੍ਰਧਾਨ, ਲਿਖਾਰੀ ਸਭਾ ਜਲੰਧਰ), ਹਰਦਿਆਲ ਸਿੰਘ (ਕਲਮਾਂ ਦੀ ਸਾਂਝ, ਟੋਰਾਂਟੋ) ਸਮੇਤ ਦੇਸ਼-ਵਿਦੇਸ਼ ਦੀਆਂ ਅਨੇਕਾਂ ਨਾਮਵਰ ਸਾਹਿਤਕ ਸ਼ਖ਼ਸੀਅਤਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ ਤੇ ਆਪਣੇ ਵਿਚਾਰਾਂ ਦੀ ਵੀ ਸਾਂਝ ਪਾਈ । ਸਮੂਹ ਸਰੋਤਿਆਂ ਨੇ ਪ੍ਰੋ. ਡਾ. ਜਗਬੀਰ ਸਿੰਘ ਦੀ ਵਿਸ਼ਾਲ ਅਧਿਐਨ ਦ੍ਰਿਸ਼ਟੀ, ਗਹਿਰੇ ਜੀਵਨ ਅਨੁਭਵਾਂ ਅਤੇ ਸਹਿਜ ਪ੍ਰਗਟਾਵੇ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਸਮਾਗਮ ਦੇ ਅੰਤ ਵਿੱਚ ਸੰਸਥਾ ਦੇ ਚੇਅਰਮੈਨ ਸ. ਪਿਆਰਾ ਸਿੰਘ ਕੁੱਦੋਵਾਲ ਨੇ ਸਮੁੱਚੇ ਸੰਵਾਦ ਦਾ ਨਿਚੋੜ ਪੇਸ਼ ਕਰਦਿਆਂ ਕਿਹਾ ਕਿ ਪ੍ਰੋ. ਡਾ. ਜਗਬੀਰ ਸਿੰਘ ਦੀ ਸ਼ਖ਼ਸੀਅਤ ਗਿਆਨ, ਨਿਮਰਤਾ, ਸਾਦਗੀ, ਅਨੁਸ਼ਾਸਨ ਅਤੇ ਉੱਚੇ ਜੀਵਨ ਮੁੱਲਾਂ ਦਾ ਸੁੰਦਰ ਸੁਮੇਲ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਮਹਾਨ ਸਿਧਾਂਤ ‘ਕਿਛੁ ਸੁਣੀਐ ਕਿਛੁ ਕਹੀਐ’ ਸਾਰਥਕ ਸੰਵਾਦ ਅਤੇ ਆਪਸੀ ਸਮਝ ਦਾ ਆਧਾਰ ਹੈ ਅਤੇ ਪ੍ਰੋ. ਡਾ. ਜਗਬੀਰ ਸਿੰਘ ਦੀ ਸਮੁੱਚੀ ਜੀਵਨ ਯਾਤਰਾ ਇਸ ਭਾਵਨਾ ਦੀ ਪ੍ਰਤੱਖ ਮਿਸਾਲ ਹੈ। ਉਨ੍ਹਾਂ ਨੇ ਮੁੱਖ ਮਹਿਮਾਨ, ਸਮੂਹ ਅਹੁਦੇਦਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਇਸ ਤਰ੍ਹਾਂ ‘ਸਿਰਜਣਾ ਦੇ ਆਰ-ਪਾਰ’ ਦੀ 61ਵੀਂ ਕੜੀ ਕੇਵਲ ਇੱਕ ਵਿਦਵਾਨ ਨਾਲ ਸਾਹਿਤਕ ਮੁਲਾਕਾਤ ਹੀ ਨਹੀਂ, ਸਗੋਂ ਭਾਰਤੀ ਗਿਆਨ ਪਰੰਪਰਾ, ਗੁਰਬਾਣੀ ਦੇ ਸਰਬਕਾਲੀ ਸੰਦੇਸ਼, ਬੌਧਿਕ ਸੁਤੰਤਰਤਾ ਅਤੇ ਸਿਹਤਮੰਦ ਜੀਵਨ ਦਰਸ਼ਨ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਾਲਾ ਯਾਦਗਾਰੀ ਸਮਾਗਮ ਹੋ ਨਿੱਬੜੀ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved