ਅੰਮ੍ਰਿਤਸਰ ਦੇ 450 ਸਾਲਾ ਸਫ਼ਰ ਨੂੰ ਭਵਿੱਖ ਦੇ ਵਿਕਾਸ ਦੀ ਦਿਸ਼ਾ ਨਾਲ ਜੋੜਨਾ ਜ਼ਰੂਰੀ : ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰੂਹਾਨੀ ਅਤੇ ਸੱਭਿਆਚਾਰਕ ਪਛਾਣ ਨੂੰ ਵਿਕਾਸ ਨਾਲ ਜੋੜਨ ਦੀ ਲੋੜ : ਤਰਨਜੀਤ ਸਿੰਘ ਸੰਧੂ
‘ਅੰਮ੍ਰਿਤਸਰ 2052 ਵਿਜ਼ਨ ਡਾਕੂਮੈਂਟ’ ਰਾਹੀਂ ਸ਼ਹਿਰ ਦੇ ਭਵਿੱਖੀ ਵਿਕਾਸ ਲਈ ਤਿਆਰ ਹੋਵੇਗੀ ਦੂਰਦਰਸ਼ੀ ਯੋਜਨਾ : ਉਪ-ਕੁਲਪਤੀ
THE HIND CANADIAN TIMES EDITORIAL DESK –
AMRITSAR, PUNJAB | November 25, 2026
ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਦੀ ਅਮੀਰ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਨਕਲੇਵ ‘ਅੰਮ੍ਰਿਤਸਰ 450’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੇ ਮਨੁੱਖਤਾ, ਬਰਾਬਰੀ, ਸੇਵਾ ਅਤੇ ਕੁਰਬਾਨੀ ਦੀ ਅਜਿਹੀ ਮਹਾਨ ਪਰੰਪਰਾ ਸਥਾਪਿਤ ਕੀਤੀ ਹੈ, ਜਿਸ ਨੇ ਪੰਜਾਬ ਨੂੰ ਵਿਸ਼ਵ ਪੱਧਰ ’ਤੇ ਵਿਲੱਖਣ ਪਛਾਣ ਦਿੱਤੀ ਹੈ। ਲੰਗਰ ਦੀ ਪਰੰਪਰਾ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਹਿੰਮਤ, ਸਿਦਕ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਪ੍ਰੇਰਣਾਦਾਇਕ ਮਿਸਾਲ ਹੈ। ਉਨ੍ਹਾਂ ਨੌਜਵਾਨਾਂ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਸਮੱਸਿਆ ਦੇ ਹੱਲ ਲਈ ਸਰਕਾਰ, ਵਿੱਦਿਅਕ ਸੰਸਥਾਵਾਂ ਅਤੇ ਸਮਾਜ ਨੂੰ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ।

ਦੋ ਰੋਜ਼ਾ ਅੰਤਰਰਾਸ਼ਟਰੀ ਕਨਕਲੇਵ ‘ਅੰਮ੍ਰਿਤਸਰ 450’ ‘ਅਤੀਤ ਦੀ ਯਾਦ, ਵਰਤਮਾਨ ਦੀ ਸਮਝ ਅਤੇ ਭਵਿੱਖ ਦੀ ਕਲਪਨਾ’ ਵਿਸ਼ੇ ’ਤੇ ਆਧਾਰਿਤ ਹੈ। ਇਸ ਕਨਕਲੇਵ ਵਿੱਚ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ, ਵਿਸ਼ੇਸ਼ ਮਹਿਮਾਨ ਸ. ਤਰਨਜੀਤ ਸਿੰਘ ਸੰਧੂ ਅਤੇ ਪ੍ਰਸਿੱਧ ਵਿਦਵਾਨ ਪ੍ਰੋ. (ਡਾ.) ਗੁਰਿੰਦਰ ਸਿੰਘ ਮਾਨ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਵਿੰਦਰ ਸਿੰਘ ਸੈਣੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਿੱਖ ਸਟੱਡੀ ਚੇਅਰ ਦੇ ਡਾਇਰੈਕਟਰ, ਪ੍ਰੋ. ਅਮਰਜੀਤ ਸਿੰਘ ਨੇ ਕਨਕਲੇਵ ਬਾਰੇ ਵਿਸਥਾਰਪੂਰਵਕ ਦੱਸਿਆ। ਮੰਚ ’ਤੇ ਰਜਿਸਟਰਾਰ ਪ੍ਰੋ. ਕੇ.ਐੱਸ. ਚਾਹਲ ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਵੱਲੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੀ ਸਿੱਖ ਧਰਮ: ਮੁੱਢਲੀ ਜਾਣਕਾਰੀ’ ਪੁਸਤਕ ਰਿਲੀਜ਼ ਕੀਤੀ ਗਈ ਅਤੇ ਵਾਈਸ ਚਾਸਲਰ ਵੱਲੋਂ ਇਸ ਮੌਕੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਨਵੈਨਸ਼ਨ ਸੈਂਟਰ ਵਿਖੇ ਕਰਵਾਈ ਗਈ ਪੈਨਲ ਚਰਚਾ ਵਿੱਚ ਡਾ. ਅਵਤਾਰ ਸਿੰਘ, ਪ੍ਰੋ. ਆਰ.ਐੱਸ. ਘੁੰਮਣ, ਬੀਬੀ (ਡਾ.) ਇੰਦਰਜੀਤ ਕੌਰ, ਸ. ਜਗਜੀਤ ਸਿੰਘ ਦਰਦੀ, ਸ. ਗੁਨਬੀਰ ਸਿੰਘ ਅਤੇ ਸ਼੍ਰੀਮਤੀ ਹਿਮਾਨੀ ਅਰੋੜਾ ਨੇ ਸ਼ਮੂਲੀਅਤ ਕੀਤੀ, ਜਿਸ ਦਾ ਸੰਚਾਲਨ ਡਾ. ਨਿਰਮਲ ਸਿੰਘ ਜੌੜਾ ਨੇ ਕੀਤਾ। ਇਸੇ ਦੌਰਾਨ ਕਾਲਜ ਪ੍ਰਿੰਸੀਪਲਾਂ ਦੀ ਮੀਟਿੰਗ ਵਿੱਚ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ, ਪ੍ਰੋ. ਐੱਸ.ਐੱਸ. ਬਹਿਲ, ਪ੍ਰੋ. ਸਰੋਜ ਬਾਲਾ ਅਤੇ ਪ੍ਰੋ. ਵਸੁਧਾ ਸਾਂਬਿਆਲ ਸ਼ਾਮਲ ਹੋਏ। ਇਸ ਤੋਂ ਇਲਾਵਾ ‘ਅੰਮ੍ਰਿਤਸਰ ਦੀ ਅਧਿਆਤਮਿਕ ਅਤੇ ਪਵਿੱਤਰ ਵਿਰਾਸਤ’ ਵਿਸ਼ੇ ’ਤੇ ਹੋਈ ਵਿਚਾਰ-ਚਰਚਾ ਵਿੱਚ ਡਾ. ਰਾਜਵੰਤ ਸਿੰਘ, ਸ. ਅਮਰਜੀਤ ਸਿੰਘ ਗਰੇਵਾਲ, ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰੋ. ਐੱਸ.ਐੱਸ. ਸੋਹਲ, ਡਾ. ਸੁਲੱਖਣ ਸਿੰਘ ਅਤੇ ਡਾ. ਗੁਰਮੀਤ ਸਿੰਘ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਦਿਨ ਦੇ ਸਮਾਗਮਾਂ ਦੀ ਸਮਾਪਤੀ ਦਸਮੇਸ਼ ਆਡੀਟੋਰੀਅਮ ਵਿਖੇ ਕਰਵਾਏ ਗਏ ਲਾਈਟ ਐਂਡ ਸਾਊਂਡ ਸ਼ੋਅ ‘ਦਾਸਤਾਨ-ਏ-ਅੰਮ੍ਰਿਤਸਰ’ ਨਾਲ ਹੋਈ।
ਆਪਣੇ ਸੰਬੋਧਨ ਵਿੱਚ ਸ੍ਰੀ ਕਟਾਰੀਆ ਨੇ ਕਿਹਾ ਕਿ ਪੰਜਾਬ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਸਿੱਖਿਆ, ਖੋਜ, ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਦੇ ਖੇਤਰਾਂ ਵਿੱਚ ਨਵੀਆਂ ਪਹਿਲਕਦਮੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਖੇਤੀਬਾੜੀ ਵਿੱਚ ਵਿਭਿੰਨਤਾ, ਫੂਡ ਪ੍ਰੋਸੈਸਿੰਗ, ਪਾਣੀ ਦੀ ਸੰਭਾਲ, ਬਦਲਵੇਂ ਊਰਜਾ ਸਰੋਤਾਂ, ਵਾਤਾਵਰਨ ਸੁਰੱਖਿਆ ਅਤੇ ਤਕਨੀਕੀ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੈਡੀਕਲ ਵਿਗਿਆਨ, ਪੁਲਾੜ ਖੋਜ, ਰੱਖਿਆ ਤਕਨਾਲੋਜੀ ਅਤੇ ਵੈਕਸੀਨ ਨਿਰਮਾਣ ਵਰਗੇ ਖੇਤਰਾਂ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਨੌਜਵਾਨਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਾ 450ਵਾਂ ਸਥਾਪਨਾ ਵਰ੍ਹਾ ਸਿਰਫ਼ ਅਤੀਤ ਨੂੰ ਯਾਦ ਕਰਨ ਦਾ ਮੌਕਾ ਨਹੀਂ, ਸਗੋਂ ਵਰਤਮਾਨ ਦੀਆਂ ਚੁਣੌਤੀਆਂ ਨੂੰ ਸਮਝਦਿਆਂ ਭਵਿੱਖ ਦੇ ਪੰਜਾਬ ਅਤੇ ਅੰਮ੍ਰਿਤਸਰ ਲਈ ਇੱਕ ਸਪੱਸ਼ਟ ਅਤੇ ਦੂਰਦਰਸ਼ੀ ਵਿਕਾਸ ਦ੍ਰਿਸ਼ਟੀਕੋਣ ਤਿਆਰ ਕਰਨ ਦਾ ਵੀ ਸੁਨਹਿਰੀ ਮੌਕਾ ਹੈ।
ਆਪਣੇ ਸਵਾਗਤੀ ਸੰਬੋਧਨ ਵਿੱਚ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ 450ਵੀਂ ਵਰ੍ਹੇਗੰਢ ਸਿਰਫ਼ ਅਤੀਤ ਨੂੰ ਯਾਦ ਕਰਨ ਦਾ ਮੌਕਾ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਹਿਰ ਦੇ ਬਿਹਤਰ ਭਵਿੱਖ ਦੀ ਰੂਪ-ਰੇਖਾ ਤਿਆਰ ਕਰਨ ਦਾ ਵੀ ਮਹੱਤਵਪੂਰਨ ਸਮਾਂ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਦਿਸ਼ਾ ਵਿੱਚ ਤਿੰਨ ਪ੍ਰਮੁੱਖ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ ਦੇ ਅਗਲੇ 25 ਸਾਲਾਂ ਦੇ ਵਿਕਾਸ ਲਈ ਵਿਜ਼ਨ ਡਾਕੂਮੈਂਟ ਤਿਆਰ ਕਰਨਾ, ਸ਼ਹਿਰ ਦੀ ਵਿਰਾਸਤ ਅਤੇ ਬਜ਼ੁਰਗਾਂ ਦੀਆਂ ਯਾਦਾਂ ਨੂੰ ਸੰਭਾਲਣ ਲਈ 450 ਵੀਡੀਓਜ਼ ਰਾਹੀਂ ਮੌਖਿਕ ਇਤਿਹਾਸ ਦਾ ਡਿਜੀਟਲ ਸੰਗ੍ਰਹਿ ਤਿਆਰ ਕਰਨਾ ਅਤੇ ਸਿੱਖਿਆ ਨੂੰ ਹੁਨਰ ਤੇ ਰੋਜ਼ਗਾਰ ਨਾਲ ਜੋੜਨਾ ਸ਼ਾਮਲ ਹੈ।
ਸ੍ਰੀ ਤਰਨਜੀਤ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਇਤਿਹਾਸਕ ਸਫ਼ਰ, ਰੂਹਾਨੀ ਅਤੇ ਸੱਭਿਆਚਾਰਕ ਵਿਰਾਸਤ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ 1577 ਵਿੱਚ ਵਸਾਇਆ ਗਿਆ ਇਹ ਸ਼ਹਿਰ ਸਦੀਆਂ ਤੋਂ ਰੂਹਾਨੀਅਤ, ਸਿੱਖਿਆ ਅਤੇ ਸੱਭਿਆਚਾਰ ਦਾ ਮਹੱਤਵਪੂਰਨ ਕੇਂਦਰ ਰਿਹਾ ਹੈ। ਉਨ੍ਹਾਂ ਅੰਮ੍ਰਿਤਸਰ ਦੇ ਭਵਿੱਖੀ ਵਿਕਾਸ ਲਈ ਵਿਰਾਸਤੀ ਇਮਾਰਤਾਂ, ਪੁਰਾਣੇ ਮੁਹੱਲਿਆਂ ਅਤੇ ਸੱਭਿਆਚਾਰਕ ਪਰੰਪਰਾਵਾਂ ਦੀ ਸੰਭਾਲ, ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਆਰਥਿਕ ਵਿਕਾਸ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰੋ. (ਡਾ.) ਗੁਰਿੰਦਰ ਸਿੰਘ ਮਾਨ ਨੇ ਇਤਿਹਾਸਕਾਰੀ ਦੇ ਸੰਦਰਭ ਵਿੱਚ ਕਿਹਾ ਕਿ ਸਿੱਖ ਇਤਿਹਾਸ ਨੂੰ ਸਮਝਣ ਲਈ ਪੱਛਮੀ ਪਹੁੰਚ ਅਤੇ ਵਿਧੀਆਂ ਦੀ ਨਕਲ ਕਰਨ ਨਾਲ ਬਹੁਤਾ ਲਾਭ ਨਹੀਂ ਹੋਇਆ, ਕਿਉਂਕਿ ਜਦੋਂ ਅਸੀਂ ਪੱਛਮ ਦੀ ਨਕਲ ਕਰਦੇ ਹਾਂ, ਉਦੋਂ ਤੱਕ ਪੱਛਮ ਖੁਦ ਬਦਲ ਚੁੱਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸਕਾਰੀ ਲਈ ਆਪਣੀ ਬਾਣੀ, ਵਿਚਾਰਧਾਰਾ ਅਤੇ ਇਤਿਹਾਸਕ ਸਰੋਤਾਂ ਦੇ ਆਧਾਰ ’ਤੇ ਮੌਲਿਕ ਪਹੁੰਚ ਵਿਕਸਿਤ ਕਰਨ ਦੀ ਲੋੜ ਹੈ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom© 2026 The Hind Canadian Times. All rights reserved