ਜਸਵੀਰ ਸਿੰਘ ਭਲੂਰੀਆ ਦੀ ਪੁਸਤਕ ‘ਜਸਵੀਰ ਦੇ ਵਿਅੰਗ ਤੀਰ’ ਇਸੇ ਵਿਅੰਗਮਈ ਕਾਵਿ-ਪਰੰਪਰਾ ਦੀ ਇਕ ਸਾਰਥਕ ਪੇਸ਼ਕਾਰੀ ਹੈ।
Hardam Maan, B.C. (CANADA)
ਸਾਹਿਤ ਦਾ ਇਕ ਮਹੱਤਵਪੂਰਨ ਕਾਰਜ ਸਮਾਜ ਨੂੰ ਉਸ ਦਾ ਅਸਲ ਚਿਹਰਾ ਦਿਖਾਉਣਾ ਵੀ ਹੈ। ਕਈ ਵਾਰ ਕੋਈ ਗੰਭੀਰ ਗੱਲ ਸਿੱਧੇ ਸ਼ਬਦਾਂ ਨਾਲੋਂ ਵਿਅੰਗ ਦੀਆਂ ਦੋ ਸਤਰਾਂ ਰਾਹੀਂ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਹੀ ਜਾ ਸਕਦੀ ਹੈ। ਵਿਅੰਗ ਹਸਾਉਂਦਾ ਵੀ ਹੈ, ਸੋਚਣ ਲਈ ਮਜਬੂਰ ਵੀ ਕਰਦਾ ਹੈ ਅਤੇ ਕਈ ਵਾਰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦਾ ਹੈ। ਜਸਵੀਰ ਸਿੰਘ ਭਲੂਰੀਆ ਦੀ ਪੁਸਤਕ ‘ਜਸਵੀਰ ਦੇ ਵਿਅੰਗ ਤੀਰ’ ਇਸੇ ਵਿਅੰਗਮਈ ਕਾਵਿ-ਪਰੰਪਰਾ ਦੀ ਇਕ ਸਾਰਥਕ ਪੇਸ਼ਕਾਰੀ ਹੈ।
ਇਸ ਪੁਸਤਕ ਨੂੰ ਪੜ੍ਹਦਿਆਂ ਸਭ ਤੋਂ ਪਹਿਲਾਂ ਜੋ ਗੱਲ ਧਿਆਨ ਖਿੱਚਦੀ ਹੈ, ਉਹ ਹੈ ਲੇਖਕ ਦੀ ਵਿਸ਼ਿਆਂ ਦੀ ਵੰਨ-ਸੁਵੰਨਤਾ ਅਤੇ ਉਨ੍ਹਾਂ ਨੂੰ ਕਾਵਿਕ ਵਿਅੰਗ ਵਿੱਚ ਢਾਲਣ ਦੀ ਸਮਰੱਥਾ। ਜਸਵੀਰ ਨੇ ਵਿਅੰਗਮਈ ਕਵਿਤਾਵਾਂ, ਗੀਤਾਂ, ਦੋਹਿਆਂ ਅਤੇ ਚੌਂਕਿਆਂ, ਛੱਕਿਆਂ ਤੇ ਅੱਠਿਆਂ ਵਰਗੀਆਂ ਵੱਖ-ਵੱਖ ਕਾਵਿਕ ਵੰਨਗੀਆਂ ਰਾਹੀਂ ਆਪਣੇ ਵਿਚਾਰ ਪ੍ਰਗਟਾਏ ਹਨ। ਉਸ ਦੀ ਕਲਮ ਕਿਸੇ ਇਕ ਵਿਸ਼ੇ ਤੱਕ ਸੀਮਤ ਨਹੀਂ ਰਹਿੰਦੀ। ਉਹ ਸਿਆਸਤ, ਧਰਮ, ਸਮਾਜ, ਸਿੱਖਿਆ, ਆਰਥਿਕਤਾ, ਮੀਡੀਆ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੀ ਰਚਨਾ ਦਾ ਵਿਸ਼ਾ ਬਣਾਉਂਦਾ ਹੈ।
ਪੁਸਤਕ ਦਾ ਪ੍ਰਮੁੱਖ ਸਰੋਕਾਰ ਸਾਡੀ ਮੌਜੂਦਾ ਰਾਜਨੀਤੀ ਅਤੇ ਰਾਜਨੀਤਿਕ ਆਗੂਆਂ ਦਾ ਡਿੱਗ ਰਿਹਾ ਕਿਰਦਾਰ ਹੈ। ਲੋਕਤੰਤਰ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਤੋਂ ਲੋਕ ਭਲਾਈ ਦੀ ਆਸ ਕੀਤੀ ਜਾਂਦੀ ਹੈ, ਪਰ ਜਦੋਂ ਸਿਆਸਤ ਸੇਵਾ ਦੀ ਥਾਂ ਸੱਤਾ ਪ੍ਰਾਪਤੀ ਦਾ ਸਾਧਨ ਬਣ ਜਾਵੇ ਅਤੇ ਚੋਣਾਂ ਸਮੇਂ ਕੀਤੇ ਵਾਅਦੇ ਸੱਤਾ ਮਿਲਣ ਤੋਂ ਬਾਅਦ ਵਿਸਰ ਜਾਣ ਤਾਂ ਵਿਅੰਗਕਾਰ ਦੀ ਕਲਮ ਚੁੱਪ ਨਹੀਂ ਰਹਿ ਸਕਦੀ।
‘ਮੇਰੀ ਅਰਜ਼ ਪੰਜਾਬ ਦੇ ਲੀਡਰਾਂ ਨੂੰ’ ਵਿੱਚ ਉਹ ਸਿਆਸੀ ਆਗੂਆਂ ਨੂੰ ਆਪਸੀ ਦੂਸ਼ਣਬਾਜ਼ੀ ਛੱਡਣ ਦੀ ਨਸੀਹਤ ਦਿੰਦਿਆਂ ਲਿਖਦਾ ਹੈ-
“ਮੇਰੀ ਅਰਜ਼ ਪੰਜਾਬ ਦੇ ਲੀਡਰਾਂ ਨੂੰ
ਇਕ ਦੂਜੇ ਉੱਤੇ ਚਿੱਕੜ ਤੁਸੀਂ ਨਾ ਸੁੱਟੋ।
ਇਕ ਦੂਜੇ ਦੇ ਘਰ ਤੱਕ ਵੀ ਨਾ ਜਾਓ,
ਗੱਡੇ ਹੋਏ ਮੁਰਦੇ ਵੀ ਤੁਸੀਂ ਨਾ ਪੁੱਟੋ।”
ਇਨ੍ਹਾਂ ਸਤਰਾਂ ਵਿੱਚ ਸਿਆਸਤਦਾਨਾਂ ਦੀ ਆਪਸੀ ਖਿੱਚੋਤਾਣ ਅਤੇ ਬਦਲਾਖੋਰੀ ਵਾਲੀ ਰਾਜਨੀਤੀ ਉੱਤੇ ਤਿੱਖਾ ਵਿਅੰਗ ਹੈ। ਲੇਖਕ ਦਾ ਇਸ਼ਾਰਾ ਹੈ ਕਿ ਸਿਆਸਤ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਮਾਧਿਅਮ ਹੋਣੀ ਚਾਹੀਦੀ ਹੈ, ਨਾ ਕਿ ਨਿੱਜੀ ਕਿੜਾਂ ਕੱਢਣ ਦਾ ਅਖਾੜਾ।
ਜਸਵੀਰ ਭਲੂਰੀਆ ਦਾ ਵਿਅੰਗ ਧਾਰਮਿਕ ਖੇਤਰ ਵਿੱਚ ਵਧ ਰਹੇ ਦਿਖਾਵੇ, ਪਖੰਡ ਅਤੇ ਸਾਡੇ ਅਮਲਾਂ ਵਿੱਚ ਆ ਰਹੇ ਨਿਘਾਰ ਨੂੰ ਵੀ ਆਪਣੀ ਲਪੇਟ ਵਿੱਚ ਲੈਂਦਾ ਹੈ। ਗੁਰੂ ਨਾਨਕ ਦੇਵ ਜੀ ਦੀ ਸੇਵਾ, ਸਾਂਝੀਵਾਲਤਾ ਅਤੇ ਨਿਮਰਤਾ ਦੀ ਸਿੱਖਿਆ ਨੂੰ ਯਾਦ ਕਰਨ ਵਾਲੇ ਲੋਕ ਜਦੋਂ ਇਨ੍ਹਾਂ ਸਿੱਖਿਆਵਾਂ ਤੋਂ ਦੂਰ ਹੋ ਜਾਂਦੇ ਹਨ ਤਾਂ ਲੇਖਕ ਉਨ੍ਹਾਂ ਦੇ ਅਮਲਾਂ ’ਤੇ ਸਵਾਲ ਉਠਾਉਂਦਾ ਹੈ। ਉਸ ਦੀਆਂ ਇਹ ਸਤਰਾਂ ਇਸ ਪੱਖ ਨੂੰ ਬੜੀ ਖ਼ੂਬਸੂਰਤੀ ਨਾਲ ਉਜਾਗਰ ਕਰਦੀਆਂ ਹਨ –
“ਭੁੱਖੇ ਸਾਧੂਆਂ ਨੂੰ ਨਾਨਕ ਛਕਾਇਆ ਲੰਗਰ,
ਤੇ ਅਸੀਂ ਰੱਜਿਆਂ ਨੂੰ ਹੋਰ ਰਜਾਉਣ ਲੱਗ ਪਏ।
ਅਸੀਂ ਦੇਣ ਵਾਲੇ ਦਾਤੇ ਨੂੰ ਵੀ ਦਾਨ ਦੇ ਕੇ,
ਨਾਂ ਪੱਥਰਾਂ ਦੇ ਉੱਤੇ ਲਿਖਵਾਉਣ ਲੱਗ ਪਏ।”
ਇਨ੍ਹਾਂ ਸਤਰਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਲੰਗਰ ਅਤੇ ਸੇਵਾ ਦੀ ਪਰੰਪਰਾ ਨੂੰ ਅੱਜ ਦੇ ਸਮਾਜਿਕ ਵਿਹਾਰ ਨਾਲ ਜੋੜਿਆ ਗਿਆ ਹੈ। ਨਿਸ਼ਕਾਮ ਸੇਵਾ ਦੀ ਥਾਂ ਜਦੋਂ ਦਿਖਾਵਾ ਅਤੇ ਆਪਣੀ ਵਡਿਆਈ ਦੀ ਲਾਲਸਾ ਲੈ ਲੈਂਦੀ ਹੈ ਤਾਂ ਧਾਰਮਿਕ ਕਾਰਜ ਵੀ ਆਪਣੇ ਮੂਲ ਉਦੇਸ਼ ਤੋਂ ਭਟਕ ਜਾਂਦੇ ਹਨ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਜੁੜੇ ਸੰਦਰਭ ਵਿੱਚ ਲੇਖਕ ਜਾਤ-ਪਾਤ, ਧੜੇਬੰਦੀਆਂ ਅਤੇ ਸਿਆਸੀ ਦਖ਼ਲਅੰਦਾਜ਼ੀ ਉੱਤੇ ਵੀ ਵਿਅੰਗ ਕਰਦਾ ਹੈ।
ਪੁਸਤਕ ਵਿੱਚ ਸਮਾਜਿਕ ਅਤੇ ਆਰਥਿਕ ਅਸਮਾਨਤਾ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਕਾਲੇ ਧੰਦਿਆਂ ਅਤੇ ਮਨੁੱਖੀ ਕਿਰਦਾਰ ਦੇ ਨਿਘਾਰ ਨੂੰ ਵੀ ਵਿਸ਼ਾ ਬਣਾਇਆ ਗਿਆ ਹੈ। ਮਿਹਨਤਕਸ਼ ਲੋਕਾਂ ਦੀ ਤਰਸਯੋਗ ਸਥਿਤੀ ਅਤੇ ਚਲਾਕ ਤੇ ਠੱਗ ਕਿਸਮ ਦੇ ਲੋਕਾਂ ਦੀ ਸਮਾਜ ਵਿੱਚ ਬਣੀ ਪੁੱਛ-ਪ੍ਰਤੀਤ ਬਾਰੇ ਉਸ ਦੀਆਂ ਇਹ ਸਤਰਾਂ ਬੜਾ ਕੁਝ ਕਹਿ ਜਾਂਦੀਆਂ ਹਨ –
“ਸੱਚੇ ਬੰਦੇ ਦੀ ਨਾ ਪੁੱਛ-ਪ੍ਰਤੀਤ ਏਥੇ,
ਚੋਰ ਠੱਗ ਪਏ ਮੌਜਾਂ ਮਾਣਦੇ ਨੇ।
ਕੜਾਹ ਗੱਲਾਂ ਦਾ ਵਿਕਦਾ ਭਾਅ ਮਹਿੰਗੇ,
ਮਿਹਨਤਕਸ਼ ਤਾਂ ਖ਼ਾਕ ਹੀ ਛਾਣਦੇ ਨੇ।”
ਇਹ ਸਾਡੇ ਸਮਾਜ ਦੀ ਉਸ ਕੌੜੀ ਸੱਚਾਈ ਵੱਲ ਇਸ਼ਾਰਾ ਹੈ ਜਿੱਥੇ ਇਮਾਨਦਾਰੀ ਅਤੇ ਮਿਹਨਤ ਦੀ ਬਜਾਏ ਚਾਲਾਕੀ, ਦਿਖਾਵੇ ਅਤੇ ਝੂਠ ਨੂੰ ਵਧੇਰੇ ਮਹੱਤਵ ਮਿਲਣ ਲੱਗ ਪਿਆ ਹੈ।
ਜਸਵੀਰ ਦੀ ਚਿੰਤਾ ਦਾ ਇਕ ਵੱਡਾ ਵਿਸ਼ਾ ਪੰਜਾਬ ਦੀ ਜਵਾਨੀ ਵੀ ਹੈ। ਪੰਜਾਬ ਵਿੱਚ ਨਸ਼ਿਆਂ ਦਾ ਫੈਲਾਅ, ਖ਼ਾਸ ਕਰਕੇ ਚਿੱਟੇ ਦਾ ਕਹਿਰ, ਬੇਰੁਜ਼ਗਾਰੀ, ਮਹਿੰਗਾਈ ਅਤੇ ਸਿੱਖਿਆ ਖੇਤਰ ਦੀਆਂ ਸਮੱਸਿਆਵਾਂ ਉਸ ਦੀਆਂ ਰਚਨਾਵਾਂ ਵਿੱਚ ਥਾਂ ਪ੍ਰਾਪਤ ਕਰਦੀਆਂ ਹਨ। ਮੁਲਾਜ਼ਮਾਂ ਦੇ ਸੰਘਰਸ਼, ਹੜਤਾਲਾਂ, ਸਰਕਾਰਾਂ ਦੀ ਬੇਰੁਖ਼ੀ ਅਤੇ ਹੱਕ ਮੰਗਣ ਵਾਲਿਆਂ ਨਾਲ ਹੁੰਦਾ ਵਿਹਾਰ ਵੀ ਉਸ ਦੇ ਵਿਅੰਗ ਦੇ ਵਿਸ਼ੇ ਹਨ। ਇਸ ਤਰ੍ਹਾਂ ਉਹ ਸਿਰਫ਼ ਸਮਾਜ ਦੀਆਂ ਬੁਰਾਈਆਂ ਉੱਤੇ ਉਂਗਲ ਨਹੀਂ ਧਰਦਾ, ਸਗੋਂ ਲੋਕਾਂ ਦੀ ਸੁੱਤੀ ਹੋਈ ਜ਼ਮੀਰ ਨੂੰ ਹਲੂਣਨ ਦਾ ਯਤਨ ਵੀ ਕਰਦਾ ਹੈ।
ਚੋਣਾਂ ਸਮੇਂ ਵੋਟਾਂ ਲਈ ਵਰਤੇ ਜਾਂਦੇ ਹੱਥਕੰਡੇ, ਮੀਡੀਆ ਦੀ ਭੂਮਿਕਾ, ਆਰਥਿਕ ਅਸਮਾਨਤਾ ਅਤੇ ਅੱਜ ਦੇ ਦੌਰ ਦੇ ਮਾਡਰਨ ਮੰਗਤੇ ਵੀ ਉਸ ਦੀ ਵਿਅੰਗਕਾਰੀ ਦੇ ਘੇਰੇ ਵਿੱਚ ਆਉਂਦੇ ਹਨ। ਇਨ੍ਹਾਂ ਵਿਸ਼ਿਆਂ ਦੀ ਵੰਨ-ਸੁਵੰਨਤਾ ਤੋਂ ਸਪਸ਼ਟ ਹੁੰਦਾ ਹੈ ਕਿ ਲੇਖਕ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਬੜੀ ਬਾਰੀਕੀ ਨਾਲ ਦੇਖਦਾ ਅਤੇ ਮਹਿਸੂਸ ਕਰਦਾ ਹੈ।
ਇੱਥੇ ਜਸਵੀਰ ਸਿੰਘ ਭਲੂਰੀਆ ਦੀ ਬਹੁਪੱਖੀ ਸ਼ਖ਼ਸੀਅਤ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਉਹ ਕੇਵਲ ਵਿਅੰਗਕਾਰ ਹੀ ਨਹੀਂ, ਸਗੋਂ ਗੀਤਕਾਰ, ਬਾਲ ਸਾਹਿਤਕਾਰ, ਮਿੰਨੀ ਕਹਾਣੀਕਾਰ ਅਤੇ ਵਿਅੰਗਮਈ ਲੇਖਾਂ ਦਾ ਰਚੇਤਾ ਵੀ ਹੈ। ਉਸ ਦੇ ਲਿਖੇ ਗੀਤ ਨਾਮਵਰ ਪੰਜਾਬੀ ਗਾਇਕਾਂ ਵੱਲੋਂ ਰਿਕਾਰਡ ਕੀਤੇ ਗਏ ਹਨ ਅਤੇ ਸਰੋਤਿਆਂ ਤੱਕ ਪਹੁੰਚੇ ਹਨ। ਵੱਖ-ਵੱਖ ਸਾਹਿਤਕ ਵਿਧਾਵਾਂ ਵਿੱਚ ਉਸ ਦੀ ਸਰਗਰਮੀ ਉਸ ਦੀ ਸਿਰਜਣਾਤਮਕ ਸਮਰੱਥਾ ਦਾ ਪ੍ਰਮਾਣ ਹੈ।
ਉਸ ਦੀ ਲੇਖਣੀ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਹ ਆਮ ਲੋਕਾਂ ਦੀ ਭਾਸ਼ਾ ਵਿੱਚ ਆਪਣੀ ਗੱਲ ਕਹਿੰਦਾ ਹੈ। ਲੋਕ-ਮੁਹਾਵਰਿਆਂ, ਸਹਿਜ ਸ਼ਬਦਾਵਲੀ ਅਤੇ ਕਾਵਿਕ ਲੈਅ ਰਾਹੀਂ ਉਹ ਗੰਭੀਰ ਸਮਾਜਿਕ ਸਵਾਲਾਂ ਨੂੰ ਵੀ ਸਰੋਤਿਆਂ ਤੱਕ ਆਸਾਨੀ ਨਾਲ ਪਹੁੰਚਾਉਂਦਾ ਹੈ। ਉਸ ਦਾ ਵਿਅੰਗ ਕਈ ਵਾਰ ਮੁਸਕਰਾਹਟ ਪੈਦਾ ਕਰਦਾ ਹੈ, ਪਰ ਉਸ ਮੁਸਕਰਾਹਟ ਪਿੱਛੇ ਲੁਕਿਆ ਸਵਾਲ ਪਾਠਕ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ।
ਮੇਰੇ ਵਿਚਾਰ ਵਿੱਚ ‘ਜਸਵੀਰ ਦੇ ਵਿਅੰਗ ਤੀਰ’ ਦੀ ਅਸਲ ਪ੍ਰਾਪਤੀ ਇਹ ਹੈ ਕਿ ਇਹ ਸਾਡੇ ਸਮਿਆਂ ਦੀਆਂ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਵਿਸੰਗਤੀਆਂ ਨੂੰ ਕਾਵਿਕ ਰੂਪ ਵਿੱਚ ਦਰਜ ਕਰਦੀ ਹੈ। ਇਹ ਵਿਅੰਗ ਤੀਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜ਼ਖ਼ਮੀ ਕਰਨ ਲਈ ਨਹੀਂ, ਸਗੋਂ ਸਮਾਜ ਦੀਆਂ ਬੁਰਾਈਆਂ ਨੂੰ ਨਿਸ਼ਾਨਾ ਬਣਾਉਣ ਲਈ ਚਲਾਏ ਗਏ ਹਨ। ਵਿਅੰਗਕਾਰ ਦੀ ਸਫ਼ਲਤਾ ਵੀ ਇਸੇ ਵਿੱਚ ਹੈ ਕਿ ਉਸ ਦੀ ਰਚਨਾ ਪੜ੍ਹਨ ਤੋਂ ਬਾਅਦ ਪਾਠਕ ਸਿਰਫ਼ ਹੱਸ ਕੇ ਅੱਗੇ ਨਾ ਲੰਘ ਜਾਵੇ, ਸਗੋਂ ਆਪਣੇ ਸਮਾਜ ਅਤੇ ਆਪਣੇ ਅਮਲਾਂ ਬਾਰੇ ਵੀ ਸੋਚੇ।
ਅੰਤ ਵਿੱਚ ਮੈਂ ਜਸਵੀਰ ਸਿੰਘ ਭਲੂਰੀਆ ਨੂੰ ਇਸ ਪੁਸਤਕ ਦੇ ਪ੍ਰਕਾਸ਼ਨ ਅਤੇ ਲੋਕ ਅਰਪਣ ਦੀਆਂ ਦਿਲੋਂ ਮੁਬਾਰਕਾਂ ਦਿੰਦਾ ਹਾਂ। ਆਸ ਕਰਦਾ ਹਾਂ ਕਿ ‘ਜਸਵੀਰ ਦੇ ਵਿਅੰਗ ਤੀਰ’ ਪਾਠਕਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਹਸਾਉਣ ਦੇ ਨਾਲ-ਨਾਲ ਸੋਚਣ, ਸਵਾਲ ਕਰਨ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਵੀ ਪ੍ਰੇਰਿਤ ਕਰੇਗੀ।
ਜਸਵੀਰ ਭਲੂਰੀਆ ਦੀ ਕਲਮ ਇਸੇ ਤਰ੍ਹਾਂ ਸਮਾਜਿਕ ਸਰੋਕਾਰਾਂ ਨਾਲ ਜੁੜੀ ਰਹੇ ਅਤੇ ਉਸ ਦੇ ਵਿਅੰਗ ਤੀਰ ਸਮਾਜ ਦੀਆਂ ਬੁਰਾਈਆਂ ਨੂੰ ਨਿਸ਼ਾਨਾ ਬਣਾਉਂਦੇ ਰਹਿਣ। ਇਸ ਸ਼ੁਭਕਾਮਨਾ ਨਾਲ ਉਸ ਨੂੰ ਬਹੁਤ-ਬਹੁਤ ਮੁਬਾਰਕਾਂ!–
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved