ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਕਹਾਣੀਕਾਰ ਸੁਖਜੀਤ ਦੀ ਯਾਦ ਵਿੱਚ ਆਯੋਜਿਤ ਸਮਾਰੋਹ ਵਿੱਚ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਦੋ ਕਹਾਣੀ ਸੰਗ੍ਰਹਿਆਂ ’ਤੇ ਹੋਈ ਵਿਚਾਰ-ਚਰਚਾ, ਕਾਵਿ ਸੰਗ੍ਰਹਿ ‘ਕੁਦਰਤਨਾਮਾ’ ਵੀ ਲੋਕ ਅਰਪਣ
BIRMINGAM, U.K. | November 20, 2026 |DALJINDER RAHEL
ਬਰਮਿੰਘਮ (ਇੰਗਲੈਂਡ): ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਇੰਗਲੈਂਡ ਦੇ ਪ੍ਰਮੁੱਖ ਸ਼ਹਿਰ ਬਰਮਿੰਘਮ ਵਿਖੇ ਇੱਕ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਸਿੱਧ ਪੰਜਾਬੀ ਕਵੀ ਨਛੱਤਰ ਸਿੰਘ ਭੋਗਲ ਨੇ ਸਭ ਨੂੰ ਜੀ ਆਇਆਂ ਆਖਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ।
ਸਮਾਗਮ ਦੌਰਾਨ ਬਰਤਾਨੀਆ ਦੇ ਉੱਘੇ ਨਾਵਲਕਾਰ ਜਸਵਿੰਦਰ ਰੱਤੀਆਂ ਦੇ ਕਹਾਣੀ ਸੰਗ੍ਰਹਿ ‘ਲੱਕੜ ਦੇ ਸਿਰ’ ਅਤੇ ਬਰਤਾਨਵੀ ਜੰਮਪਲ ਪੰਜਾਬੀ ਲੇਖਕ ਰੂਪ ਢਿੱਲੋਂ ਦੇ ਕਹਾਣੀ ਸੰਗ੍ਰਹਿ ‘ਖ਼ਤ’ ਬਾਰੇ ਕੁਲਵੰਤ ਕੌਰ ਢਿੱਲੋਂ ਅਤੇ ਬਲਵਿੰਦਰ ਸਿੰਘ ਚਾਹਲ ਵੱਲੋਂ ਸਮੀਖਿਆ ਪਰਚੇ ਪੇਸ਼ ਕੀਤੇ ਗਏ। ਮੁੱਖ ਮਹਿਮਾਨ ਅਜਮੇਰ ਸਿੱਧੂ ਨੇ ਦੋਵਾਂ ਪੁਸਤਕਾਂ ਅਤੇ ਪੇਸ਼ ਕੀਤੇ ਗਏ ਪਰਚਿਆਂ ਬਾਰੇ ਵਿਸਥਾਰਪੂਰਵਕ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਨੇ ਕਹਾਣੀਕਾਰ ਸੁਖਜੀਤ ਦੀ ਸਾਹਿਤਕ ਰਚਨਾ ਅਤੇ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਬਾਰੇ ਵੀ ਚਰਚਾ ਕੀਤੀ।
ਇਸ ਮੌਕੇ ਦਲਵੀਰ ਹਲਵਾਰਵੀ ਸਮੇਤ ਬਰਤਾਨੀਆ ਦੇ ਕਈ ਪੰਜਾਬੀ ਲੇਖਕਾਂ, ਸਾਹਿਤਕਾਰਾਂ, ਵਿਦਵਾਨਾਂ ਅਤੇ ਵੱਖ-ਵੱਖ ਸੰਸਥਾਵਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਆਤਮਜੀਤ ਕੌਰ ਆਤਮ ਦੇ ਕਾਵਿ ਸੰਗ੍ਰਹਿ ‘ਕੁਦਰਤਨਾਮਾ’ ਨੂੰ ਵੀ ਲੋਕ ਅਰਪਣ ਕੀਤਾ ਗਿਆ। ਅਜਮੇਰ ਸਿੱਧੂ ਅਤੇ ਦਲਵੀਰ ਹਲਵਾਰਵੀ ਨੂੰ ਵਿਸ਼ੇਸ਼ ਤੌਰ ’ਤੇ ਲੋਈਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਦੂਜੇ ਭਾਗ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਸੱਥ ਵੱਲੋਂ ਅਜਾਇਬ ਸਿੰਘ ਗਰਚਾ, ਨਿਰਮਲ ਸਿੰਘ ਕੰਧਾਲਵੀ, ਕਿਰਪਾਲ ਪੂੰਨੀ, ਸ਼ਾਇਰ ਰਜਿੰਦਰਜੀਤ, ਰਵਿੰਦਰ ਕੁੰਦਰਾ, ਕਾਮਰੇਡ ਤਾਰਾ ਸਿੰਘ ਤਾਰਾ, ਕਾਮਰੇਡ ਤਾਰੀ, ਮਨਜੀਤ ਪੱਡਾ, ਬਲਵੰਤ ਗਿੱਲ, ਜਸਮੇਰ ਸਿੰਘ ਲਾਲ ਅਤੇ ਬਲਦੇਵ ਦਿਉਲ ਸਮੇਤ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਸਮਾਗਮ ਦੇ ਪਹਿਲੇ ਭਾਗ ਦਾ ਮੰਚ ਸੰਚਾਲਨ ਪ੍ਰਸਿੱਧ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਨੇ ਕੀਤਾ, ਜਦਕਿ ਦੂਜੇ ਭਾਗ ਦੀ ਜ਼ਿੰਮੇਵਾਰੀ ਰੂਪ ਦਵਿੰਦਰ ਕੌਰ ਨੇ ਨਿਭਾਈ। ਅੰਤ ਵਿੱਚ ਬਲਵਿੰਦਰ ਸਿੰਘ ਚਾਹਲ ਨੇ ਯੂਰਪੀਨ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਮੁੜ ਮਿਲਣ ਦੇ ਵਾਅਦੇ ਨਾਲ ਸਮਾਗਮ ਦੀ ਸਮਾਪਤੀ ਹੋਈ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved