ਇਸ ਵਿਸ਼ੇਸ਼ ਬੈਠਕ ਦੌਰਾਨ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਹਰਦਮ ਸਿੰਘ ਮਾਨ, ਪ੍ਰੀਤ ਮਨਪ੍ਰੀਤ ਅਤੇ ਦਸ਼ਮੇਸ਼ ਗਿੱਲ ਫਿਰੋਜ਼ ਮੌਜੂਦ ਸਨ।
Hardam Maan, Special reporter, B.C. (CANADA)
ਸਰੀ, 8 ਨਵੰਬਰ (ਹਰਦਮ ਮਾਨ)-ਬੀਤੇ ਦਿਨ ਗ਼ਜ਼ਲ ਮੰਚ ਸਰੀ ਵੱਲੋਂ ਜਗਰਾਉਂ (ਪੰਜਾਬ) ਤੋਂ ਆਏ ਸ਼ਾਇਰ ਰਾਜਦੀਪ ਤੂਰ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਮੰਚ ਦੇ ਮੁੱਖ ਬੁਲਾਰੇ ਰਾਜਵੰਤ ਰਾਜ ਨੇ ਮੰਚ ਵੱਲੋਂ ਰਾਜਦੀਪ ਤੂਰ ਦਾ ਸਵਾਗਤ ਕੀਤਾ ਅਤੇ ਉਸ ਬਾਰੇ ਸੰਖੇਪ ਜਾਣਕਾਰੀ ਮੰਚ ਦੇ ਦੋਸਤਾਂ ਨਾਲ ਸਾਂਝੀ ਕੀਤੀ। ਰਾਜਵੰਤ ਨੇ ਦੱਸਿਆ ਕਿ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਵੱਦੀ ਕਲਾਂ ਦੇ ਜੰਮਪਲ ਰਾਜਦੀਪ ਤੂਰ ਨੂੰ ਲਿਖਣ ਦੀ ਚੇਟਕ ਆਪਣੇ ਪਿਤਾ ਤੋਂ ਲੱਗੀ। ਉਸ ਦੇ ਪਿਤਾ ਸਵ. ਰਾਜਿੰਦਰ ਸਿੰਘ ਰਾਜ਼ ਸਵੱਦੀ ਆਪਣੇ ਸਮੇਂ ਦੇ ਵਧੀਆ ਕਹਾਣੀ ਲੇਖਕ ਸਨ ।
ਰਾਜਦੀਪ ਮੂਲ ਰੂਪ ਵਿੱਚ ਸੰਵੇਦਨਸ਼ੀਲ, ਮੁਹੱਬਤ ਦਾ ਹਾਮੀ, ਰਿਸ਼ਤਿਆਂ ਦੀ ਕਦਰ ਕਰਨ ਵਾਲਾ ਅਤੇ ਜ਼ਿੰਦਗੀ ਦੇ ਅਰਥਾਂ ਦੀ ਤਲਾਸ਼ ਵਿੱਚ ਰਹਿਣ ਵਾਲਾ ਸ਼ਾਇਰ ਹੈ। ਉਸ ਦੀ ਸ਼ਾਇਰੀ ਵਿੱਚ ਦਿਲ ਦੀ ਆਵਾਜ਼ ਵੀ ਹੈ ਅਤੇ ਜ਼ਿਹਨੀ ਦਸਤਕ ਵੀ। ਉਹ ਇੱਕ ਪਾਸੇ ਮਹਿਬੂਬ ਦੇ ਨੈਣਾਂ ਵਿੱਚੋਂ ਮੁਹੱਬਤ ਦੀ ਨਦੀ ਵਗਦੀ ਦੇਖਣਾ ਚਾਹੁੰਦਾ ਹੈ ਅਤੇ ਦੂਜੇ ਪਾਸੇ ਮਨੁੱਖ ਦੇ ਅੰਦਰੋਂ ਪਿਆਰ ਮਨਫ਼ੀ ਹੋ ਜਾਣ ਦੇ ਖ਼ਤਰੇ ਤੋਂ ਚਿੰਤਤ ਹੈ। ਰਾਜਦੀਪ ਉਹ ਸ਼ਾਇਰ ਹੈ ਜੋ ਮੁਹੱਬਤ ਨੂੰ ਸਿਰਫ਼ ਦਿਲ ਦਾ ਜਜ਼ਬਾ ਨਹੀਂ, ਸਗੋਂ ਮਨੁੱਖੀ ਹੋਂਦ ਦੀ ਬੁਨਿਆਦੀ ਲੋੜ ਮੰਨਦਾ ਹੈ। ਉਸ ਦੀ ਕਲਮ ਵਿਚ ਵਿਛੋੜੇ ਦੀ ਤੜਪ ਵੀ ਹੈ ਅਤੇ ਮਨੁੱਖਤਾ ਲਈ ਇਕ ਸੁਹਣੇ ਸੰਸਾਰ ਦੀ ਕਾਮਨਾ ਵੀ। ਉਸ ਦਾ ਇੱਕ ਗਜ਼ਲ ਸੰਗ੍ਰਹਿ ‘ਰੂਹ ਵੇਲਾ’ ਪ੍ਰਕਾਸ਼ਿਤ ਹੋ ਚੁੱਕਿਆ ਹੈ। ਇਹ ਗਜ਼ਲ ਸੰਗ੍ਰਹਿ ਸ਼ਾਹਮੁਖੀ ਵਿੱਚ ਵੀ ਛਪ ਚੁੱਕਿਆ ਹੈ।
ਰਾਜਦੀਪ ਨੇ ਦੱਸਿਆ ਕਿ ਪੰਜਾਬ ਦੇ ਸਾਹਿਤਿਕ ਹਲਕਿਆਂ ਵਿੱਚ ਗ਼ਜ਼ਲ ਮੰਚ ਸਰੀ ਦੀ ਗੂੜ੍ਹੀ ਪਛਾਣ ਬਣ ਚੁੱਕੀ ਹੈ ਅਤੇ ਵਿਸ਼ੇਸ਼ ਕਰਕੇ ਪੰਜਾਬੀ ਗ਼ਜ਼ਲਗੋ ਇਸ ਸੰਸਥਾ ਦੀਆਂ ਸਰਗਰਮੀਆਂ ਅਤੇ ਇਸ ਦੇ ਸ਼ਾਇਰਾਂ ਤੋਂ ਬੇਹੱਦ ਪ੍ਰਭਾਵਿਤ ਹੋ ਰਹੇ ਹਨ। ਉਸ ਨੇ ਆਪਣੀਆਂ ਕੁਝ ਖੂਬਸੂਰਤ ਗ਼ਜ਼ਲਾਂ ਦੀ ਪੇਸ਼ਕਾਰੀ ਰਾਹੀਂ ਮੰਚ ਦੇ ਸ਼ਾਇਰਾਂ ਦੀ ਖੂਬ ਦਾਦ ਹਾਸਲ ਕੀਤੀ।
ਇਸ ਮੌਕੇ ਗਜ਼ਲ ਮੰਚ ਦੇ ਮੈਂਬਰਾਂ ਵੱਲੋਂ ਰਾਜਦੀਪ ਦੇ ਦਾਦਾ ਗਿਆਨੀ ਬੀਰ ਸਿੰਘ ਸਵੱਦੀ (ਜੋ ਭਾਰਤੀ ਆਜ਼ਾਦੀ ਦੇ ਕੌਮੀ ਪਰਵਾਨੇ ਸਨ) ਬਾਰੇ ਪ੍ਰਕਾਸ਼ਿਤ ਪੁਸਤਕ ਰਿਲੀਜ਼ ਕੀਤੀ ਗਈ। ਇਸ ਵਿਸ਼ੇਸ਼ ਬੈਠਕ ਦੌਰਾਨ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਹਰਦਮ ਸਿੰਘ ਮਾਨ, ਪ੍ਰੀਤ ਮਨਪ੍ਰੀਤ ਅਤੇ ਦਸ਼ਮੇਸ਼ ਗਿੱਲ ਫਿਰੋਜ਼ ਮੌਜੂਦ ਸਨ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved