ਗੁਰਦੁਆਰਾ ਸਾਹਿਬ ਦੀ ਸੰਗਤ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਕੱਠੀ ਕੀਤੀ ਗਈ 1,25,000 ਡਾਲਰ ਦੀ ਰਕਮ ਦਾ ਚੈੱਕ ਮੈਕਗਿੱਲ ਯੂਨੀਵਰਸਿਟੀ ਦੇ ਨਿਊਰੋਲੋਜਿਸਟ ਡਾ. ਐਡਵਰਡ ਫੋਨ ਨੂੰ ਭੇਟ ਕੀਤਾ ਗਿਆ।
Hardam Maan, Special reporter, B.C. (CANADA)
ਰਿਚਮੰਡ, 4 ਨਵੰਬਰ (ਹਰਦਮ ਮਾਨ)- ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ, ਗੁਰਦੁਆਰਾ ਨਾਨਕ ਨਿਵਾਸ, ਰਿਚਮੰਡ ਵਿਖੇ ਤਿੰਨ ਸਾਲਾ ਗੁਰਮੋਹ ਗਿੱਲ ਦੇ ਨਾਮੁਰਾਦ ਰੋਗ ਦੇ ਇਲਾਜ ਲਈ ਖੋਜ ਵਾਸਤੇ ਮਾਲੀ ਸਹਾਇਤਾ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਸੰਗਤ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਕੱਠੀ ਕੀਤੀ ਗਈ 1,25,000 ਡਾਲਰ ਦੀ ਰਕਮ ਦਾ ਚੈੱਕ ਮੈਕਗਿੱਲ ਯੂਨੀਵਰਸਿਟੀ ਦੇ ਨਿਊਰੋਲੋਜਿਸਟ ਡਾ. ਐਡਵਰਡ ਫੋਨ ਨੂੰ ਭੇਟ ਕੀਤਾ ਗਿਆ।
ਸਮਾਗਮ ਵਿੱਚ ਗੁਰਮੋਹ ਗਿੱਲ ਦੇ ਮਾਪੇ ਡਾ. ਸਟਾਲਿਨਜੀਤ ਸਿੰਘ ਗਿੱਲ ਅਤੇ ਡਾ. ਨਵਪ੍ਰੀਤ ਕੌਰ ਗਿੱਲ, ਦਾਦਾ-ਦਾਦੀ, ਮੈਕਗਿੱਲ ਯੂਨੀਵਰਸਿਟੀ ਦੇ ਦਾਨ ਵਿਭਾਗ ਦੀ ਇੰਚਾਰਜ ਵੈਂਡੀ ਸਕੁਲਿੰਕ, ਬੀ.ਸੀ. ਦੇ ਸਾਬਕਾ ਸਿਹਤ ਮੰਤਰੀ ਰਵੀ ਕਾਹਲੋਂ, ਸੈਨੇਟਰ ਬਲਤੇਜ ਸਿੰਘ ਢਿੱਲੋਂ, ਪ੍ਰੋਵਿੰਸ਼ੀਅਲ ਹੈਲਥ ਸਰਵਿਸਿਜ਼ ਅਥਾਰਟੀ ਦੇ ਚੀਫ਼ ਜੈਨੋਮਿਕ ਅਫ਼ਸਰ ਫੈਡਰਿਕਾ ਡੀ ਪਾਲਮਾ, ਰਿਚਮੰਡ ਦੇ ਐਮ.ਐਲ.ਏ. ਸਟੀਵ ਕੂਨਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਸੇਵਾਦਾਰਾਂ ਅਤੇ ਮੀਡੀਆ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਸੰਧੂ ਅਤੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸੁਸਾਇਟੀ ਦੀ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ ਨੇ ਡਾ. ਐਡਵਰਡ ਫੋਨ ਨੂੰ 1.25 ਲੱਖ ਡਾਲਰ ਦਾ ਚੈੱਕ ਭੇਟ ਕੀਤਾ। ਡਾ. ਫੋਨ ਨੇ ਮੈਕਗਿੱਲ ਯੂਨੀਵਰਸਿਟੀ ਵਿਖੇ ਇਸ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਚੱਲ ਰਹੀ ਖੋਜ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤ ਵੱਲੋਂ ਦਿੱਤੇ ਵੱਡੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਰਵੀ ਕਾਹਲੋਂ, ਸੈਨੇਟਰ ਬਲਤੇਜ ਸਿੰਘ ਢਿੱਲੋਂ ਅਤੇ ਸਟੀਵ ਕੂਨਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਅੰਤ ਵਿੱਚ ਬਲਵੰਤ ਸਿੰਘ ਸੰਘੇੜਾ ਨੇ ਸਮੂਹ ਮਹਿਮਾਨਾਂ, ਦਾਨੀ ਸੱਜਣਾਂ, ਸੇਵਾਦਾਰਾਂ, ਮੀਡੀਆ ਅਤੇ ਸੰਗਤ ਦਾ ਧੰਨਵਾਦ ਕੀਤਾ।–
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk : thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved