ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ, ਸ. ਕਾਹਨ ਸਿੰਘ ਪੰਨੂ ਤੇ ਸ. ਗੁਰਪਾਲ ਸਿੰਘ ਸਮਾਗਮ ’ਚ ਸ਼ਿਰਕਤ ਕਰਨ ਵਾਲੇ ਕਲਾਕਾਰਾਂ ਤੇ ਬੁਲਾਰਿਆਂ ਨੂੰ ਸਨਮਾਨਿਤ ਕਰਦੇ ਹੋਏ।
ਪੰਜਾਬ ਜਖ਼ਮੀ ਹੈ, ਇਸ ਨੂੰ ਮੱਲ੍ਹਮ ਲਗਾਉਣਾ ਹਰੇਕ ਦੀ ਜ਼ਿੰਮੇਵਾਰੀ-ਸ. ਕਾਹਨ ਸਿੰਘ ਪੰਨੂ
The Hind Canadian Times Editorial Desk –
ਲੁਧਿਆਣਾ 12 ਨਵੰਬਰ : ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ ‘ਪੰਜਾਬੀ ਮਾਹ-2026’ ਤਹਿਤ ਅੱਜ ਵਿਵੇਕ ਸੱਥ ਗਹਿਲੇਵਾਲ ਵਿਖੇ ‘ਵਾਰਤਾ ਪਿੰਡ ਪੰਜਾਬ’ ਸਿਰਲੇਖ ਤਹਿਤ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸਾਬਕਾ ਆਈ.ਏ.ਐਸ. ਅਧਿਕਾਰੀ ਸ. ਕਾਹਨ ਸਿੰਘ ਪੰਨੂ ਨੇ ਮੁੱਖ ਵਕਤਾ ਵਜੋਂ ਵਿਚਾਰ ਰੱਖੇ। ਇਸ ਦੇ ਨਾਲ ਹੀ ਸ. ਗੁਰਸੇਵਕ ਸਿੰਘ ਢਿੱਲੋਂ ਦੇ ਕਵੀਸ਼ਰੀ ਜਥੇ ਅਤੇ ਸਕੂਲੀ ਬੱਚਿਆਂ ਨੇ ਗਾਇਨ ਪੇਸ਼ ਕੀਤਾ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਜ਼ਿਲ੍ਹਾ ਭਾਸ਼ਾ ਦਫ਼ਤਰ ਲੁਧਿਆਣਾ ਵੱਲੋਂ ਆਯੋਜਤ ਸਮਾਗਮ ਦੌਰਾਨ ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪੰਜਾਬੀਆਂ ਨੂੰ ਬੌਧਿਕ ਪੱਖੋਂ ਚੇਤੰਨ ਕਰਨ ਦੇ ਮਨਸੂਬੇ ਨਾਲ ਸਾਹਿਤਕ ਸਮਾਗਮਾਂ ਤੋਂ ਇਲਾਵਾ ਚਿੰਤਨ ਤੇ ਸੱਭਿਆਚਾਰ ਨਾਲ ਜੁੜੇ ਸਮਾਗਮ ਵੀ ਕਰਵਾਏ ਜਾ ਰਹੇ ਹਨ। ਜਿੰਨਾਂ ਦੇ ਦਾਇਰੇ ’ਚ ਸ਼ਹਿਰਾਂ ਤੋਂ ਇਲਾਵਾ ਕਸਬਿਆਂ ਤੇ ਪਿੰਡਾਂ ਨੂੰ ਵੀ ਲਿਆਂਦਾ ਗਿਆ ਹੈ। ਇਸੇ ਲੜੀ ’ਚ ਹੀ ਅੱਜ ਦਾ ਸਮਾਗਮ ਪੰਜਾਬ ਦੇ ਮੌਜੂਦਾ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਚਰਚਾ ਕਰਨ ਲਈ ‘ਵਾਰਤਾ ਪਿੰਡ ਪੰਜਾਬ’ ਦਾ ਆਯੋਜਨ ਕੀਤਾ ਜਾ ਗਿਆ ਹੈ।
ਸ. ਕਾਹਨ ਸਿੰਘ ਪੰਨੂ ਨੇ ਕਿਹਾ ਕਿ ਇਸ ਵੇਲ਼ੇ ਪੰਜਾਬ ਜਖ਼ਮੀ ਹੈ। ਇਸ ’ਤੇ ਮੱਲ੍ਹਮ ਲਗਾਉਣ ਲਈ ਸੁਆਲਾਂ ਦੇ ਸਨਮੁੱਖ ਹੋਣ ਦੀ ਲੋੜ ਹੈ। ਅਸੀਂ ਵੱਖ-ਵੱਖ ਮਸਲਿਆਂ ਬਾਰੇ ਚਰਚਾ ਤਾਂ ਬਹੁਤ ਕਰ ਰਹੇ ਹਾਂ ਪਰ ਉਨ੍ਹਾਂ ਦੇ ਅਸਲੀ ਕਾਰਨਾਂ ਦੀ ਤਹਿ ਤੱਕ ਜਾਣ ਅਤੇ ਉਨ੍ਹਾਂ ਸਬੰਧੀ ਸੁਆਲ ਨਹੀਂ ਕਰ ਰਹੇ। ਇਹ ਸੁਆਲ ਸੂਬੇ ਦੇ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੂੰ ਕਰਨ ਦੀ ਲੋੜ ਹੈ, ਜੋ ਆਪਣੀਆਂ ਨੈਤਿਕ ਤੇ ਭਾਈਚਾਰਕ ਜ਼ਿੰਮੇਵਾਰੀਆਂ ਭੁੱਲ ਚੁੱਕੇ ਹਨ। ਲੋੜ ਹੈ ਪੰਜਾਬ ਨੂੰ ਸਹੀ ਦਿਸ਼ਾ ਵਿੱਚ ਤੋਰਨ ਲਈ ਰਾਜਨੀਤਿਕ ਲੋਕ ਆਪਣੀਆਂ ਜ਼ਿੰਮੇਵਾਰੀਆਂ ਸਮਝਣ। ਉਨ੍ਹਾਂ ਕਿਹਾ ਕਿ ਹੁਣ ਰਾਜਨੀਤੀ ਦੇ ਅਰਥ ਬਦਲ ਚੁੱਕੇ ਹਨ। ਖੱਬੇ-ਸੱਜੇ ਪੱਖਾਂ ਜਾਂ ਵਿਚਾਰਧਾਰਾਵਾਂ ਦੀ ਰਾਜਨੀਤੀ ਦੀ ਬਜਾਏ ਪੈਸੇ ’ਤੇ ਅਧਾਰਤ ਰਾਜਨੀਤੀ ਦਾ ਦੌਰ ਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਧਰਮ ਤੇ ਰਾਜਨੀਤੀ ਦੇ ਗੱਠਜੋੜ ’ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਾਜਨੀਤਿਕ ਅਨੈਤਿਕਤਾ ਫੈਲਣ ਕਾਰਨ ਸਮਾਜਿਕ ਤਾਣਾ-ਬਾਣਾ ਨਿਘਾਰ ਵੱਲ ਆ ਗਿਆ ਹੈ।
ਇਸ ਮੌਕੇ ‘ਸੁਹਾਵੀ ਐਪ’ ਦੀ ਸੰਚਾਲਕ ਟੀਮ ਦੇ ਨੁਮਾਇੰਦੇ ਸ. ਸੁਖਵਿੰਦਰ ਸਿੰਘ ਲਾਇਲ ਨੇ ਅਜੋਕੇ ਦੌਰ ਵਿੱਚ ਆਡੀਓ ਬੁੱਕਸ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪੰਜਾਬੀਆਂ ਦੇ ਪੁਸਤਕ ਪੜ੍ਹਨ ਬਾਰੇ ਬੜੇ ਖੁਸ਼ਨੁਮਾ ਨਤੀਜੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਤਕਰੀਬਨ ਇੱਕ ਲੱਖ ਲੋਕਾਂ ਨੇ ਉਨ੍ਹਾਂ ਦੀ ਐਪ ਸਬਸਕਰਾਈਬ ਕੀਤੀ ਅਤੇ ਕਿਤਾਬਾਂ ਸੁਣਨ ਵਾਲਿਆਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਦੱਸਣਯੋਗ ਹੈ ਕਿ ਇਹ ਐਪ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਸਾਹਿਤ ਕ੍ਰਿਤਾਂ ਲਈ ਵੱਡਾ ਪਲੇਟਫਾਰਮ ਬਣ ਚੁੱਕੀ ਹੈ।
ਭਾਸ਼ਾ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰੀ ਆਲੋਕ ਚਾਵਲਾ ਨੇ ਵਿਭਾਗ ਦੇ ਡਿਜ਼ੀਟਾਈਜੇਸ਼ਨ, ਵੈਬਸਾਈਟ ਅਤੇ ਐਪਸ ਪ੍ਰੋਜੈਕਟਾਂ ਬਾਰੇ ਤਫ਼ਸੀਲ ਨਾਲ ਦੱਸਿਆ। ਵਿਵੇਕ ਸੱਥ ਦੇ ਸਰਪ੍ਰਸਤ ਸ. ਗੁਰਪਾਲ ਸਿੰਘ ਭੰਦੇਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਪ੍ਰਵਾਸ ਬਾਰੇ ਦੋ ਕਵਿਤਾਵਾਂ ਰਾਹੀਂ ਸਾਂਝ ਪਾਈ। ਰਾਜਿੰਦਰ ਕੌਰ ਭੈਣੀ ਸਾਹਿਬ ਨੇ ਆਪਣੀ ਕਵਿਤਾ ‘ਪੈਂਤੀ’ ਰਾਹੀਂ ਮਾਤ ਭਾਸ਼ਾ ਪ੍ਰਤੀ ਜ਼ਿੰਮੇਵਾਰੀ ਦਾ ਹੋਕਾ ਦਿੱਤਾ। ਇਸ ਮੌਕੇ ਸ੍ਰੀ ਨਨਕਾਣਾ ਸਾਹਿਬ ਪਬਲਿਕ ਸਕੂਲ ਫਤਹਿਗੜ੍ਹ ਜੱਟਾਂ ਦੇ ਵਿਦਿਆਰਥੀਆਂ ਤੇ ਵਿਵੇਕ ਸੱਥ ਸੰਗੀਤ ਅਕੈਡਮੀ ਦੇ ਬੱਚਿਆਂ ਰਾਜਵੀਰ ਸਿੰਘ, ਅੰਮ੍ਰਿਤਪਾਲ ਸਿੰਘ ਤੇ ਅਮਨਪ੍ਰੀਤ ਸਿੰਘ ਨੇ ‘ਗੁਰਮੁਖੀ ਦਾ ਬੇਟਾ’ ਅਤੇ ‘ਵਾਰ ਬਾਬਾ ਅਜੀਤ ਸਿੰਘ’ ਰਾਹੀਂ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ ਗਿਆ। ਅਖ਼ੀਰ ਵਿੱਚ ਗੁਰਸੇਵਕ ਸਿੰਘ ਢਿੱਲੋਂ ਦੇ ਕਵੀਸ਼ਰੀ ਜਥੇ ਨੇ ‘ਹੋਵੇ ਦੇਸ਼ ਪੰਜਾਬ ਜਿਹਾ’, ਇੱਕ ਆਜ਼ਾਦੀ ਦੀ ਖਾਤਰ, ਮੇਰਾ ਸੋਹਣਾ ਦੇਸ਼ ਪੰਜਾਬ ਅਤੇ ਮਾਂ ਬੋਲੀ ਨਾ ਵਿਸਾਰ ਦਿਓ’ ਕਵਿਤਾਵਾਂ ਰਾਹੀਂ ਸਮਾਗਮ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਅਖ਼ੀਰ ਵਿੱਚ ਸਾਰੇ ਮਹਿਮਾਨਾਂ ਤੇ ਕਲਾਕਾਰਾਂ ਨੂੰ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖੂਬੀ ਕੀਤਾ। ਸਮਾਗਮ ਦੀ ਸਫ਼ਲਤਾ ਲਈ ਡਾ. ਸੰਦੀਪ ਸ਼ਰਮਾ ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਤੇ ਸ. ਮਨਜੀਤ ਸਿੰਘ ਭੰਦੇਰ ਨੇ ਵੱਡਮੁੱਲੇ ਯਤਨ ਕੀਤੇ। ਇਸ ਮੌਕੇ ਸ. ਸੁਖਦੇਵ ਸਿੰਘ, ਸ. ਸਰੂਪ ਸਿੰਘ, ਸ. ਜਸਪਾਲ ਸਿੰਘ ਮਣਕੂ, ਡਾ. ਬਲਵੀਰ ਕੌਰ ਪੰਧੇਰ, ਖੋਜ ਅਫ਼ਸਰ ਡਾ. ਸੰਤੋਖ ਸੁੱਖੀ, ਸਤਪਾਲ ਸਿੰਘ, ਤੁਸ਼ਾਰ, ਅੰਕੁਸ਼ ਕੁਮਾਰ ਸ. ਸੁਰਜੀਤ ਸਿੰਘ ਕੈਨੇਡਾ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਅਤੇ ਵਿਦਿਆਰਥੀ ਸਰੋਤੇ ਹਾਜ਼ਰ ਸਨ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved