ਪੰਜਾਬ ਤੋਂ ਕੈਨੇਡਾ ਆ ਵੱਸੇ ਮਾਪਿਆਂ ਦੇ ਘਰ ਬ੍ਰਿਟਿਸ਼ ਕੋਲੰਬੀਆ ਦੇ ਟੈਰਸ ਵਿੱਚ ਜੰਮੇ-ਪਲੇ ਮੈਨੀ ਨੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਕੈਨੇਡਾ ਵਿੱਚ ਹੀ ਕੀਤੀ।
ਫੈਂਟਾਨਿਲ ਤੋਂ ਮਨੁੱਖੀ ਤਸਕਰੀ ਤੱਕ, ਕੈਨੇਡਾ ਦੇ ਗੰਭੀਰ ਮੁੱਦੇ ਅੰਗਰੇਜ਼ੀ ਵੀਡੀਓਜ਼ ਰਾਹੀਂ ਚੁੱਕ ਕੇ ਸੋਸ਼ਲ ਮੀਡੀਆ ’ਤੇ ਬਣਾਈ ਆਪਣੀ ਪਛਾਣ
Balwinder Balam – Edmonton
ਕੈਨੇਡਾ ਦੀ ਖ਼ੂਬਸੂਰਤੀ ਬਾਰੇ ਬਹੁਤ ਗੱਲ ਹੁੰਦੀ ਹੈ। ਪਰ ਇਸੇ ਦੇਸ਼ ਵਿੱਚ ਫੈਂਟਾਨਿਲ, ਮਨੁੱਖੀ ਤਸਕਰੀ ਅਤੇ ਗੈਂਗ ਹਿੰਸਾ ਵਰਗੇ ਮੁੱਦਿਆਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਗੱਲ ਕਿੰਨੀ ਹੁੰਦੀ ਹੈ? ਇਹ ਸਵਾਲ ਮਨਦੀਪ ਬੱਲ ਨੂੰ ਸੋਸ਼ਲ ਮੀਡੀਆ ਵੱਲ ਲੈ ਗਿਆ। ਅੱਜ ਦਰਸ਼ਕ ਉਨ੍ਹਾਂ ਨੂੰ ਮੈਨੀ ਬੱਲ ਦੇ ਨਾਂ ਨਾਲ ਜਾਣਦੇ ਹਨ। ਉਹ ਹੁਣ ਐਡਮਿੰਟਨ ਵਿੱਚ ਰਹਿੰਦੇ ਹਨ। ਪੇਸ਼ੇ ਵਜੋਂ ਉਹ ਆਪਣੇ ਪਰਿਵਾਰਕ ਕਾਰੋਬਾਰ ਵਿੱਚ ਮੈਨੇਜਰ ਹਨ। ਇਸ ਕੰਮ ਦੇ ਨਾਲ-ਨਾਲ ਉਨ੍ਹਾਂ ਨੇ ਅੰਗਰੇਜ਼ੀ ਵਿੱਚ ਕੈਨੇਡਾ ਦੇ ਸਿਆਸੀ ਤੇ ਸਮਾਜਿਕ ਮੁੱਦਿਆਂ ’ਤੇ ਵੀਡੀਓ ਬਣਾਉਣ ਵਾਲੇ ਪੰਜਾਬੀ ਚਿਹਰੇ ਵਜੋਂ ਆਪਣੀ ਪਛਾਣ ਬਣਾਈ ਹੈ।
ਟੈਰਸ ਤੋਂ ਟਿੱਕਟੌਕ ਤੱਕ
ਪੰਜਾਬ ਤੋਂ ਕੈਨੇਡਾ ਆ ਵੱਸੇ ਮਾਪਿਆਂ ਦੇ ਘਰ ਬ੍ਰਿਟਿਸ਼ ਕੋਲੰਬੀਆ ਦੇ ਟੈਰਸ ਵਿੱਚ ਜੰਮੇ-ਪਲੇ ਮੈਨੀ ਨੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਕੈਨੇਡਾ ਵਿੱਚ ਹੀ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਤੌਰ ’ਤੇ ਟਿੱਕਟੌਕ ਅਤੇ ਇੰਸਟਾਗ੍ਰਾਮ ਲਈ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ। ਰੁਜ਼ਗਾਰ ਬਾਰੇ ਲੋਕਾਂ ਦੀਆਂ ਚਿੰਤਾਵਾਂ ਤੋਂ ਲੈ ਕੇ ਨਸ਼ਿਆਂ ਅਤੇ ਗੈਂਗ ਹਿੰਸਾ ਤੱਕ, ਉਨ੍ਹਾਂ ਨੇ ਅਜਿਹੇ ਵਿਸ਼ੇ ਚੁਣੇ ਜਿਨ੍ਹਾਂ ਬਾਰੇ ਉਹ ਵਧੇਰੇ ਜਨਤਕ ਚਰਚਾ ਚਾਹੁੰਦੇ ਸਨ।

ਮੈਨੀ ਦੀ ਪੇਸ਼ਕਾਰੀ ਦੀ ਖ਼ਾਸੀਅਤ ਉਨ੍ਹਾਂ ਦਾ ਸਿੱਧਾ ਤੇ ਸਪਸ਼ਟ ਅੰਦਾਜ਼ ਹੈ। ਉਹ ਗੁੰਝਲਦਾਰ ਮੁੱਦਿਆਂ ਨੂੰ ਸੌਖੀ ਭਾਸ਼ਾ ਵਿੱਚ ਸਮਝਾਉਂਦੇ ਹਨ ਅਤੇ ਆਪਣੀ ਰਾਇ ਬੇਝਿਜਕ ਰੱਖਦੇ ਹਨ। ਇਸੇ ਅੰਦਾਜ਼ ਨਾਲ ਉਨ੍ਹਾਂ ਦੀ ਪਹੁੰਚ ਪੰਜਾਬੀ ਭਾਈਚਾਰੇ ਤੋਂ ਅੱਗੇ ਵਧੀ। ਮੈਨੀ ਮੁਤਾਬਕ, ਪਹਿਲੇ ਛੇ ਮਹੀਨਿਆਂ ਵਿੱਚ ਹੀ ਉਨ੍ਹਾਂ ਦੀਆਂ ਵੀਡੀਓਜ਼ ਨੂੰ ਕਰੋੜਾਂ ਵਾਰ ਦੇਖਿਆ ਗਿਆ।
ਵਿਦਿਆਰਥੀਆਂ ਦੇ ਧਰਨੇ ਵਿੱਚ ਮਦਦ ਦਾ ਹੱਥ
ਜਦੋਂ ਮੈਂ ਮੈਨੀ ਨੂੰ ਉਨ੍ਹਾਂ ਦੇ ਸਫ਼ਰ ਦੇ ਔਖੇ ਤਜਰਬੇ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਵਰਕ ਪਰਮਿਟਾਂ ਦੇ ਮੁੱਦੇ ’ਤੇ ਧਰਨਾ ਦੇ ਰਹੇ ਪੰਜਾਬੀ ਵਿਦਿਆਰਥੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਬਣਾਈਆਂ ਵੀਡੀਓਜ਼ ’ਤੇ ਉਨ੍ਹਾਂ ਨੂੰ ਤਿੱਖੀਆਂ ਅਤੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਉਹ ਬੇਝਿਜਕ ਵਿਦਿਆਰਥੀਆਂ ਦਾ ਸਾਥ ਦਿੰਦੇ ਰਹੇ। ਇਸ ਦੌਰਾਨ ਉਹ ਰਾਤ ਵੇਲੇ ਵੀ ਵਿਦਿਆਰਥੀਆਂ ਨੂੰ ਮਿਲਣ ਧਰਨੇ ਵਾਲੀ ਥਾਂ ਜਾਂਦੇ ਰਹੇ।
ਮੈਨੀ ਨੇ ਵਿਦਿਆਰਥੀਆਂ ਦੀਆਂ ਲੋੜਾਂ ਬਾਰੇ ਆਪਣੇ ਪਿਤਾ ਕੇਵਲ ਸਿੰਘ ਬੱਲ ਨਾਲ ਗੱਲ ਕੀਤੀ, ਜਿਨ੍ਹਾਂ ਨੇ ਪੰਜਾਬੀ ਕਾਰੋਬਾਰੀ ਮਨਜੀਤ ਸਿੰਘ ਨਰਵਾਲ ਜੀ ਨਾਲ ਸੰਪਰਕ ਕੀਤਾ। ਮੈਨੀ ਮੁਤਾਬਕ, ਮਨਜੀਤ ਸਿੰਘ ਨਰਵਾਲ ਜੀ ਨੇ ਵਿਦਿਆਰਥੀਆਂ ਲਈ ਧਰਨੇ ਵਾਲੀ ਥਾਂ ਦੋ ਪੋਰਟੇਬਲ ਵਾਸ਼ਰੂਮਾਂ (ਪਖਾਨਿਆਂ) ਦਾ ਪ੍ਰਬੰਧ ਕੀਤਾ। ਉੱਥੇ ਵਿਦਿਆਰਥੀਆਂ ਲਈ ਰਾਸ਼ਨ ਵੀ ਪਹੁੰਚਾਇਆ ਗਿਆ। ਮੈਨੀ ਐਡਮਿੰਟਨ ਦੇ ‘ਆਲ ਇਜ਼ ਵਨ ਫੂਡ ਬੈਂਕ’ ਨਾਲ ਵੀ ਵਲੰਟੀਅਰ ਵਜੋਂ ਜੁੜੇ ਰਹੇ ਹਨ। ਉੱਥੇ ਉਨ੍ਹਾਂ ਨੇ ਲੋਕਾਂ ਨੂੰ ਫੂਡ ਬੈਂਕ ਦੀਆਂ ਸੇਵਾਵਾਂ ਨਾਲ ਜੋੜਨ ਵਿੱਚ ਹੱਥ ਵਟਾਇਆ।
ਸਿਆਸੀ ਆਗੂਆਂ ਨਾਲ ਗੱਲਬਾਤ ਤੇ ਚੋਣ ਮੁਹਿੰਮਾਂ
ਸੋਸ਼ਲ ਮੀਡੀਆ ਤੋਂ ਸ਼ੁਰੂ ਹੋਇਆ ਮੈਨੀ ਦਾ ਸਿਆਸੀ ਕੰਮ ਆਗੂਆਂ ਨਾਲ ਇੰਟਰਵਿਊਆਂ ਅਤੇ ਚੋਣ ਮੁਹਿੰਮਾਂ ਤੱਕ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਦੀਆਂ ਹਾਲੀਆ ਸੂਬਾਈ ਚੋਣਾਂ ਦੌਰਾਨ ਉਨ੍ਹਾਂ ਨੇ ਬੀਸੀ ਕੰਜ਼ਰਵੇਟਿਵ ਪਾਰਟੀ ਨਾਲ ਕੰਮ ਕੀਤਾ। ਚੋਣ ਗਿਣਤੀ ਵਿੱਚ ਪਾਰਟੀ ਅੱਗੇ ਰਹੀ।
ਮੈਨੀ ਅਲਬਰਟਾ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਲਈ ਸਿਆਸੀ ਵੀਡੀਓ ਅਤੇ ਹੋਰ ਸਮੱਗਰੀ ਤਿਆਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਵੀ ਉਹ ਪਾਰਟੀ ਨਾਲ ਕੰਮ ਕਰਨਗੇ। ਇਸ ਦੌਰਾਨ ਉਹ ਆਪਣੀਆਂ ਵੀਡੀਓਜ਼ ਰਾਹੀਂ ਚੋਣਾਂ ਨਾਲ ਜੁੜੇ ਮੁੱਦਿਆਂ ਅਤੇ ਸਿਆਸੀ ਘਟਨਾਕ੍ਰਮ ਬਾਰੇ ਦਰਸ਼ਕਾਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਦਾ ਅੰਦਾਜ਼ ਉਹੀ ਰਹੇਗਾ ਜਿਸ ਨਾਲ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪਛਾਣ ਬਣਾਈ ਹੈ। ਮੁੱਦੇ ਦੀ ਗੱਲ ਸਿੱਧੀ ਤੇ ਸੌਖੀ ਭਾਸ਼ਾ ਵਿੱਚ ਕਰਨੀ।
ਵਿਊਜ਼ ਤੋਂ ਵੱਧ ਲੋਕਾਂ ਦੀ ਗੱਲ ਪਹੁੰਚਾਉਣ ਦੀ ਤਸੱਲੀ
ਜਦੋਂ ਮੈਂ ਪੁੱਛਿਆ ਕਿ ਇਸ ਸਫ਼ਰ ਵਿੱਚ ਉਨ੍ਹਾਂ ਨੂੰ ਸਭ ਤੋਂ ਵੱਧ ਮਾਣ ਕਿਸ ਗੱਲ ਦਾ ਹੈ, ਤਾਂ ਮੈਨੀ ਨੇ ਕਿਹਾ ਕਿ ਵੀਡੀਓਜ਼ ਨੂੰ ਮਿਲੇ ਵਿਊਜ਼ ਨਾਲੋਂ ਉਨ੍ਹਾਂ ਨੂੰ ਵੱਧ ਤਸੱਲੀ ਇਸ ਗੱਲ ਦੀ ਹੈ ਕਿ ਉਹ ਕੈਨੇਡਾ ਦੇ ਇਨ੍ਹਾਂ ਮੁੱਦਿਆਂ ਬਾਰੇ ਆਮ ਲੋਕਾਂ ਵਿੱਚ ਚਰਚਾ ਸ਼ੁਰੂ ਕਰ ਸਕੇ ਅਤੇ ਲੋਕਾਂ ਦੀਆਂ ਚਿੰਤਾਵਾਂ ਸਰਕਾਰ ਤੱਕ ਪਹੁੰਚਾ ਸਕੇ। ਇਸ ਖੇਤਰ ਵਿੱਚ ਆਉਣ ਵਾਲੇ ਨੌਜਵਾਨਾਂ ਲਈ ਉਨ੍ਹਾਂ ਦੀ ਸਲਾਹ ਦਾ ਭਾਵ ਵੀ ਇਹੀ ਸੀ ਕਿ ਕੰਮ ਲਗਾਤਾਰ ਕਰੋ ਅਤੇ ਜਿਸ ਮੁੱਦੇ ’ਤੇ ਬੋਲੋ, ਪੂਰੀ ਇਮਾਨਦਾਰੀ ਨਾਲ ਬੋਲੋ।
ਅੱਜ ਮੈਨੀ ਬੱਲ ਨੂੰ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ਵਿੱਚ ਲੋਕ ਫਾਲੋ ਕਰਦੇ ਹਨ ਅਤੇ ਉਹ ਕੈਨੇਡਾ ਦੇ ਸਿਆਸੀ ਤੇ ਸਮਾਜਿਕ ਮੁੱਦਿਆਂ ’ਤੇ ਨਿਯਮਿਤ ਤੌਰ ’ਤੇ ਗੱਲ ਕਰਦੇ ਹਨ। ਉਨ੍ਹਾਂ ਦੀ ਇਸ ਪਛਾਣ ਪਿੱਛੇ ਲਗਾਤਾਰ ਮਿਹਨਤ, ਲੋਕਾਂ ਲਈ ਨਿਰਸਵਾਰਥ ਸੇਵਾ ਅਤੇ ਔਖੇ ਮੁੱਦਿਆਂ ’ਤੇ ਬਿਨਾਂ ਡਰ ਤੋਂ ਬੋਲਣ ਦਾ ਹੌਸਲਾ ਹੈ। ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ ਕਿ ਟੈਰਸ ਵਿੱਚ ਜੰਮਿਆ-ਪਲਿਆ ਇਹ ਪੰਜਾਬੀ ਚਿਹਰਾ ਆਪਣੇ ਸਿੱਧੇ ਤੇ ਸਪਸ਼ਟ ਅੰਦਾਜ਼ ਨਾਲ ਵੱਖ-ਵੱਖ ਭਾਈਚਾਰਿਆਂ ਦੇ ਦਰਸ਼ਕਾਂ ਤੱਕ ਪਹੁੰਚਿਆ ਹੈ। ਮੈਨੀ ਲਈ ਇਸ ਪਛਾਣ ਦੀ ਅਸਲ ਕਦਰ ਉਦੋਂ ਹੈ, ਜਦੋਂ ਕਿਸੇ ਆਮ ਬੰਦੇ ਦੀ ਚਿੰਤਾ ਉਸ ਥਾਂ ਤੱਕ ਪਹੁੰਚੇ ਜਿੱਥੇ ਉਸ ਬਾਰੇ ਫ਼ੈਸਲੇ ਹੁੰਦੇ ਹਨ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved