ਪੁੱਤਰਾਂ ਵਾਂਗ ਧੀ ਦੇ ਜਨਮ ਦੀ ਵੀ ਮਨਾਈ ਖ਼ੁਸ਼ੀ, ਸੰਜੋਗ ਕੌਰ ਦੇ ਜਨਮ ’ਤੇ ਕਰਵਾਇਆ ਧਾਰਮਿਕ ਸਮਾਗਮ
ਸਮਾਗਮ ਵਿੱਚ ਸੰਸਦ ਮੈਂਬਰ ਜਗਸ਼ਰਨ ਸਿੰਘ ਮਾਹਲ ਨੇ ਕੀਤੀ ਵਿਸ਼ੇਸ਼ ਸ਼ਿਰਕਤ ।
The Hind Canadian Times Editorial Desk –
ਐਡਮਿੰਟਨ, ਕੈਨੇਡਾ (ਬਲਵਿੰਦਰ ਬਾਲਮ, ਦੀਪਾ ਬੰਡਾਲਾ) — ਬਾਲ ਦਿਵਸ ਦੇ ਮੌਕੇ ’ਤੇ ਐਡਮਿੰਟਨ ਦੇ ਖੰਗੂੜਾ ਪਰਿਵਾਰ ਨੇ ਆਪਣੀ ਨਵਜੰਮੀ ਧੀ ਸੰਜੋਗ ਕੌਰ ਦੇ ਜਨਮ ਦੀ ਖ਼ੁਸ਼ੀ ਸੰਗਤ ਨਾਲ ਸਾਂਝੀ ਕਰਦਿਆਂ ਧੀਆਂ ਦੇ ਸਨਮਾਨ ਅਤੇ ਬਰਾਬਰ ਦੇ ਹੱਕਾਂ ਦਾ ਸੁੰਦਰ ਸੁਨੇਹਾ ਦਿੱਤਾ। ਪਰਿਵਾਰ ਨੇ 14 ਨਵੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ, ਜਿਸ ਦੌਰਾਨ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕੀਤੀ ਗਈ।

29 ਸਤੰਬਰ 2026 ਨੂੰ ਜਨਮੀ ਸੰਜੋਗ ਕੌਰ, ਖੁਸ਼ਵੰਤ ਸਿੰਘ ਖੰਗੂੜਾ ਅਤੇ ਗੁਰਪ੍ਰੀਤ ਕੌਰ ਦੀ ਧੀ ਅਤੇ ਅਜੀਤ ਸਿੰਘ ਖੰਗੂੜਾ ਤੇ ਚਰਨਜੀਤ ਕੌਰ ਦੀ ਪੋਤਰੀ ਹੈ। ਪਰਿਵਾਰ ਵਿੱਚ ਨੰਨ੍ਹੀ ਪਰੀ ਦੇ ਆਉਣ ਦੀ ਖ਼ੁਸ਼ੀ ਉਸ ਦੀ ਵੱਡੀ ਭੈਣ ਰਬਾਬ ਕੌਰ ਨੇ ਵੀ ਸਾਂਝੀ ਕੀਤੀ। ਇਸ ਮੌਕੇ ਸੰਜੋਗ ਕੌਰ ਦੀਆਂ ਭੂਆ ਮਨਪ੍ਰੀਤ ਕੌਰ ਆਪਣੇ ਪਤੀ ਬਚਿੱਤਰ ਸਿੰਘ ਅਤੇ ਅਕਵਿੰਦਰ ਕੌਰ ਆਪਣੇ ਪਤੀ ਅਰਵਿੰਦਰ ਸਿੰਘ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੀਆਂ।

ਸਮਾਗਮ ਵਿੱਚ ਸੰਸਦ ਮੈਂਬਰ ਜਗਸ਼ਰਨ ਸਿੰਘ ਮਾਹਲ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਕਾਰਜ ਸਿੰਘ ਔਲਖ, ਤੇਜਿੰਦਰਪਾਲ ਸਿੰਘ ਰਿਆੜ, ਕੇਵਲ ਸਿੰਘ ਬੱਲ, ਸੁਰਜੀਤ ਕੌਰ ਧਾਲੀਵਾਲ, ਪਾਰਸ ਮਹੀਨੀਆ, ਨਵਤੇਜ ਸਿੰਘ ਖੱਖ, ਹਰਦਿਆਲ ਸਿੰਘ ਅਤੇ ਅਦਬ ਟਰਾਂਸਪੋਰਟ ਦੇ ਖੁਸ਼ਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ, ਦੋਸਤਾਂ ਅਤੇ ਸੰਗਤ ਨੇ ਹਾਜ਼ਰੀ ਭਰੀ।
ਸਵੇਰੇ ਸੰਗਤ ਲਈ ਚਾਹ ਦਾ ਲੰਗਰ ਲਾਇਆ ਗਿਆ ਅਤੇ ਧਾਰਮਿਕ ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਹਾਜ਼ਰ ਸੰਗਤ ਅਤੇ ਰਿਸ਼ਤੇਦਾਰਾਂ ਨੇ ਖੰਗੂੜਾ ਪਰਿਵਾਰ ਨੂੰ ਧੀ ਦੇ ਜਨਮ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸੰਜੋਗ ਕੌਰ ਦੀ ਚੰਗੀ ਸਿਹਤ, ਲੰਮੀ ਉਮਰ ਅਤੇ ਸੁਨਹਿਰੀ ਭਵਿੱਖ ਲਈ ਅਰਦਾਸ ਕੀਤੀ।
ਬਾਲ ਦਿਵਸ ਦੇ ਮੌਕੇ ’ਤੇ ਧੀ ਦੇ ਜਨਮ ਦੀ ਖ਼ੁਸ਼ੀ ਨੂੰ ਸੰਗਤ ਨਾਲ ਸਾਂਝਾ ਕਰਨ ਦਾ ਖੰਗੂੜਾ ਪਰਿਵਾਰ ਦਾ ਇਹ ਉਪਰਾਲਾ ਸਮਾਜ ਵਿੱਚ ਧੀਆਂ ਪ੍ਰਤੀ ਪਿਆਰ, ਸਤਿਕਾਰ ਅਤੇ ਪੁੱਤਰਾਂ ਦੇ ਬਰਾਬਰ ਦਰਜਾ ਦੇਣ ਦੀ ਸੋਚ ਨੂੰ ਉਤਸ਼ਾਹਿਤ ਕਰਨ ਵਾਲਾ ਸੁਨੇਹਾ ਬਣਿਆ।
Published by The Hind Canadian Times (Canada, U.K. & India Bureaus)
To report an error or give feedback on this story/news/article or have a news tip, investigative lead or community press release from Ontario, BC, Alberta, the U.K., USA or Punjab :
Editorial Desk :
thehindcanadiantimes@gmail.com
Submissions & Press Releases · Global Diaspora Newsroom
© 2026 The Hind Canadian Times. All rights reserved