, , ,

ਅਲਵਿਦਾ : ਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ

ਸੁਖਦੇਵ ਸਿੰਘ ਢੀਂਡਸਾ  ਸੁਖਦੇਵ ਸਿੰਘ ਢੀਂਡਸਾ ਦੇ ਤੁਰ ਜਾਣ ਨਾਲ ਸਿਆਸਤ ਵਿੱਚ ਸ਼ਾਲੀਨਤਾ ਦੀ ਸਿਆਸਤ ਦਾ ਇੱਕ ਯੁੱਗ ਖ਼ਤਮ ਹੋ ਗਿਆ ਹੈ। ਵਿਦਿਆਰਥੀ ਜੀਵਨ ਵਿੱਚੋਂ ਸਿਆਸਤ ਵਿੱਚ ਆ ਕੇ ਸਾਰੀ ਉਮਰ ਸਹਿਜਤਾ ਦਾ ਪੱਲਾ ਨਾ ਛੱਡਣਾ ਆਪਣੇ ਆਪ ਵਿੱਚ ਵਿਲੱਖਣ ਕੀਰਤੀਮਾਨ  ਹੈੇ, ਕਿਉਂਕਿ ਵਿਦਿਆਰਥੀ ਸਿਆਸਤ ਵਾਲੇ ਸਿਆਸਤਦਾਨ ਅਗਰੈਸਿਵ ਹੁਜਾਂ ਮਾਰਦੇ ਰਹਿੰਦੇ ਹਨ। ਸੁਖਦੇਵ ਸਿੰਘ ਢੀਂਡਸਾ…

ਸੁਖਦੇਵ ਸਿੰਘ ਢੀਂਡਸਾ 

ਸੁਖਦੇਵ ਸਿੰਘ ਢੀਂਡਸਾ ਦੇ ਤੁਰ ਜਾਣ ਨਾਲ ਸਿਆਸਤ ਵਿੱਚ ਸ਼ਾਲੀਨਤਾ ਦੀ ਸਿਆਸਤ ਦਾ ਇੱਕ ਯੁੱਗ ਖ਼ਤਮ ਹੋ ਗਿਆ ਹੈ। ਵਿਦਿਆਰਥੀ ਜੀਵਨ ਵਿੱਚੋਂ ਸਿਆਸਤ ਵਿੱਚ ਆ ਕੇ ਸਾਰੀ ਉਮਰ ਸਹਿਜਤਾ ਦਾ ਪੱਲਾ ਨਾ ਛੱਡਣਾ ਆਪਣੇ ਆਪ ਵਿੱਚ ਵਿਲੱਖਣ ਕੀਰਤੀਮਾਨ  ਹੈੇ, ਕਿਉਂਕਿ ਵਿਦਿਆਰਥੀ ਸਿਆਸਤ ਵਾਲੇ ਸਿਆਸਤਦਾਨ ਅਗਰੈਸਿਵ ਹੁਜਾਂ ਮਾਰਦੇ ਰਹਿੰਦੇ ਹਨ। ਸੁਖਦੇਵ ਸਿੰਘ ਢੀਂਡਸਾ ਨੇ ਨਮਰਤਾ ਨਾਲ ਸਿਆਸਤ ਕੀਤੀ ਹੈ। ਮੇਰੀ ਵਾਕਫ਼ੀ ਹਰਕੇਸ਼ ਸਿੰਘ ਸਿੱਧੂ ਨੇ ਢੀਂਡਸਾ ਸਾਹਿਬ ਨਾਲ ਕਰਵਾਈ ਸੀ। ਮੈਨੂੰ ਲੋਕ ਸੰਪਰਕ ਦੀ ਨੌਕਰੀ ਕਰਕੇ ਬਹੁਤ ਸਾਰੇ ਸਿਆਸਤਦਾਨਾਂ ਨਾਲ ਮਿਲਣ ਦਾ ਇਤਫ਼ਾਕ ਹੋਇਆੇ, ਉਨ੍ਹਾਂ ਵਿੱਚੋਂ ਸੁਖਦੇਵ ਸਿੰਘ ਢੀਂਡਸਾ ਇੱਕ ਬਿਹਤਰੀਨ ਇਨਸਾਨ ਸਨ। ਮੈਂ ਉਨ੍ਹਾਂ ਦੀ  ਕਾਰਗੁਜ਼ਾਰੀ ਨੂੰ ਨੇੜੇ ਤੋਂ ਵੇਖਿਆੇ, ਉਸ ਆਧਾਰ ‘ਤੇ ਉਨ੍ਹਾਂ ਬਾਰੇ ਲਿਖ ਰਿਹਾ ਹਾਂ। ਅਕਾਲੀ ਦਲ ਦੀ ਸਿਆਸਤ ਵਿੱਚ ਦਿਗਜ਼ ਸਿਆਸਤਦਾਨ ਪਦਮ ਭੂਸ਼ਣ ਸੁਖਦੇਵ ਸਿੰਘ ਢੀਂਡਸਾ 89 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।  ‘ਨਾ ਕਾਹੂ ਸੇ ਦੇਸੋਤੀ ਨਾ ਕਾਹੂ ਸੇ ਵੈਰ’ ਦੇ ਅਸੂਲ ‘ਤੇ ਚਲਣ ਕਰਕੇ, ਉਨ੍ਹਾਂ ਨੂੰ ਸਾਊ ਸਿਆਸਤਦਾਨ ਕਿਹਾ ਜਾ ਸਕਦਾ ਹੈ। ਉਹ ਧੀਮੀ ਆਵਾਜ਼ ਵਿੱਚ ਘੱਟ ਬੋਲਦੇ ਸਨ, ਪ੍ਰੰਤੂ ਜੋ ਬੋਲਦੇ ਉਹ ਤੋਲ ਕੇ ਸਹਿਜਤਾ ਨਾਲ ਬੋਲਦੇ ਸਨ। 1962 ਵਿੱਚ ਸੰਗਰੂਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ  ਉਭਾਵਾਲ ਦੇ ਸਰਪੰਚ ਬਣਨ ਤੋਂ ਬਾਅਦ ਉਨ੍ਹਾਂ ਨੇ ਮੁੜਕੇ ਪਿੱਛੇ ਨਹੀਂ ਵੇਖਿਆ, ਸਗੋਂ ਪੌੜੀ ਦਰ ਪੌੜੀ ਉਹ ਸਿਆਸਤ ਵਿੱਚ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ਤੇ ਪਹੁੰਚਕੇ ਪਿੰਡ, ਦੇਸ਼ ਅਤੇ ਪੰਜਾਬ ਦੀ ਉਨਤੀ ਲਈ ਵਚਨਬੱਧਤਾ ਨਾਲ ਸਰਗਰਮ ਰਹੇ। ਅਜੋਕੇ ਸਿਆਸਤਦਾਨਾ ਦੇ ਕਿਰਦਾਰ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ  ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਸਿਆਸਤ ਵਿਚ ਜੁਮਲੇਬਾਜ਼ੀ ਭਾਰੂ ਹੋ ਰਹੀ ਹੈ। ਚੋਣਾਂ ਜਿੱਤਣ ਅਤੇ ਆਪਣੀਆਂ ਹੀ ਪਾਰਟੀਆਂ ਵਿਚ ਆਪਣੀ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਕਈ ਕਿਸਮ ਦੇ ਵੇਲਣ ਵੇਲਣੇ ਪੈਂਦੇ ਹਨ। ਜਿਹੜਾ ਸਿਆਸਤਦਾਨ ਸਾਥੀਆਂ ਨੂੰ ਠਿੱਬੀ ਲਾਉਣ ਦਾ ਮਾਹਰ ਹੁੰਦਾ ਹੈ, ਉਸਨੂੰ ਸਫਲ ਸਿਆਸਤਦਾਨ ਗਿਣਿਆਂ ਜਾਂਦਾ ਹੈ ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਇਕ ਪ੍ਰਬੁੱਧ, ਸ਼ਰੀਫ, ਸੁਲਝਿਆ ਹੋਇਆ, ਸਿਆਣਾ, ਸ਼ਹਿਣਸ਼ੀਲ, ਸਹਿਯੋਗੀ, ਨਮਰਤਾ ਤੇ ਸਬਰ ਸੰਤੋਖ਼ ਵਾਲਾ, ਸੰਜਮੀ, ਮਿਠਬੋਲੜਾ ਅਤੇ ਸਾਧਾਰਣਤਾ ਦਾ ਪ੍ਰਤੀਕ ਦਰਵੇਸ਼ ਸਿਆਤਦਾਨ ਸੀ। ਉਸਦੇ ਵਿਅਕਤਤਿਵ ਨਾਲ ਜਿਤਨੇ ਵੀ ਵਿਸ਼ੇਸ਼ਣ ਲਗਾ ਲਏ ਜਾਣ ਉਤਨੇ ਹੀ ਥੋੜ੍ਹੇ ਹਨ। ਸਿਆਸਤ ਵਿਚ ਆਪਣਾ ਸਥਾਨ ਆਪਣੀ ਹਿੰਮਤ, ਦਲੇਰੀ ਅਤੇ ਹਲੀਮੀ ਨਾਲ ਬਣਾਇਆ ਹੈ। 

     ਇਕ ਆਮ ਜੱਟ ਸਿੱਖ ਦਿਹਾਤੀ ਖੇਤੀਬਾੜੀ ਕਰਨ ਵਾਲੇ ਪਰਿਵਾਰ ਵਿਚੋਂ ਉਠਕੇ ਭਾਰਤ ਦੀ ਸਿਆਸਤ ਵਿਚ ਆਪਣਾ ਵਿਲੱਖਣ ਸਥਾਨ ਬਣਾਇਆ ਸੀ। ਉਹ ਪਹਿਲੀ ਵਾਰ ਆਪਣੇ ਦਮ ਨਾਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਸਫਲ ਹੋਇਆ ਸੀ ਕਿਉਂਕਿ ਅਕਾਲੀ ਦਲ ਉਸਨੂੰ ਟਿਕਟ ਦੇਣ ਤੋਂ ਕੰਨੀ ਕਤਰਾਉਂਦਾ ਸੀ, ਹਾਲਾਂਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਰਗਰਮ ਵਰਕਰ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਮੈਂਬਰ ਵੀ ਰਹੇ ਸਨ। ਉਸਨੇ ਆਪਣੀ ਕਾਰਗੁਜ਼ਾਰੀ ਤੇ ਕਾਬਲੀਅਤ ਦਾ ਸਬੂਤ ਦੇਣ ਲਈ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਅਤੇ ਚੋਣ ਜਿੱਤਕੇ 1972 ਵਿੱਚ ਪਹਿਲੀ ਵਾਰ ਐਮ.ਐਲ.ਏ.ਬਣ ਗਏ। ਚੋਣ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਦ ਉਹ ਪੰਜਾਬ ਵਿਧਾਨ ਸਭਾ ਲਈ 1977, 80 ਅਤੇ 85 ਵਿੱਚ ਚੋਣ ਵੀ ਲੜੇ ਅਤੇ ਐਮ.ਐਲ.ਏ ਬਣ ਗਏ। ਉਨ੍ਹਾਂ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਦਿਆਨਤਦਾਰੀ ਨਾਲ ਕੰਮ ਕਰਨ ਕਰਕੇ 1973 ਵਿੱਚ ਸ਼ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਾ ਦਿੱਤਾ ਗਿਆੇ, ਕਿਉਂਕਿ ਉਹ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਂਹ ਬਣਕੇ ਹਮੇਸ਼ਾ ਦੁੱਖ ਸੁੱਖ ਦੇ ਸਾਥੀ ਰਹੇ ਹਨ। ਉਹ 1977 ਤੋਂ 80 ਤੱਕ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਸਰਕਾਰ ਵਿੱਚ ਖੇਡਾਂ, ਸਭਿਆਚਾਰਕ ਮਾਮਲੇ, ਸ਼ਹਿਰੀ ਹਵਾਬਾਜੀ ਅਤੇ ਟ੍ਰਾਂਸਪੋਰਟ ਵਿਭਾਗਾਂ ਦੇ ਮੰਤਰੀ ਰਹੇ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸੁਰਜੀਤ ਸਿੰਘ ਬਰਨਾਲਾ ਵਰਗੇ ਘਾਗ ਨੇਤਾਵਾਂ ਦੇ ਜ਼ਿਲ੍ਹੇ ਵਿਚ ਸਥਾਪਤ ਹੋਣਾ ਬਹੁਤ ਮੁਸ਼ਕਲ ਸੀੇ, ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਨੇ ਹੌਸਲਾ ਨਹੀਂ ਹਾਰਿਆ। ਉਹ ਚੁੱਪ ਚੁਪੀਤੇ ਲੋਕਾਂ ਵਿੱਚ ਵਿਚਰਦੇ ਹੋਏ ਲੋਕ ਭਲਾਈ ਦੇ ਕੰਮ ਕਰਦੇ ਰਹੇ। ਸੁਖਦੇਵ ਸਿੰਘ ਢੀਂਡਸਾ ਗੁਰਬਾਣੀ ਦੇ ‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ’ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਨਮਰਤਾ ਨਾਲ ਸਮਾਜਿਕ ਤੇ ਸਿਆਸੀ ਦਾਇਰੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ। ਅਕਾਲੀ ਦਲ ਦੀ ਸਿਆਸਤ ਵਿਚ ਕਈ ਵਾਰ ਉਤਰਾਅ ਚੜ੍ਹਾਅ ਆਏ, ਜਿਸ ਕਰਕੇ ਫਿਰ  ਉਨ੍ਹਾਂ ਨੂੰ 1997 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦਾ ਚੇਅਰਮੈਨ ਲਗਾਇਆ ਗਿਆ, ਜਿਸ ਅਹੁਦੇ ਤੇ ਉਹ 1998 ਤੱਕ ਰਹੇ। 1998 ਵਿੱਚ ਹੀ ਉਹ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ। ਉਹ 1999 ਤੋਂ 2004 ਤੱਕ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਯੁਵਕ ਮਾਮਲੇ, ਖੇਡਾਂ ਅਤੇ ਖਾਦ ਤੇ ਰਸਾਇਣ ਵਿਭਾਗਾਂ ਦੇ ਕੇਂਦਰੀ ਮੰਤਰੀ ਰਹੇ। ਸ਼੍ਰੋਮਣੀ ਅਕਾਲੀ ਦਲ ਪੰਥਕ ਵਿਚਾਰਧਾਰਾ ਵਾਲੀ ਧਾਰਮਿਕ ਪਾਰਟੀ ਹੈ, ਅਜਿਹੀ ਪਾਰਟੀ ਵਿਚ ਧਰਮ ਨਿਰਪੱਖ ਰਹਿਣਾ ਅਤੇ ਪਾਰਟੀ ਦੀ ਸਿਖਰਲੀ ਪੌੜੀ ਦੇ ਨਜ਼ਦੀਕ ਪਹੁੰਚਣਾ ਖਾਲਾ ਜੀ ਦਾ ਵਾੜਾ ਨਹੀਂੇ, ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਦੀ ਹਲੀਮੀ ਅਤੇ ਸਭੇ ਸਾਂਝੀਵਾਲ ਸਦਾਇਨ ਵਿਚ ਵਿਸ਼ਵਾਸ਼ ਰੱਖਣ ਦੀ ਪ੍ਰਵਿਰਤੀ ਨੇ ਪਾਰਟੀ ਦੇ ਸਕੱਤਰ ਜਨਰਲ ਦੇ ਅਹੁਦੇ ਤੇ ਪਹੁੰਚਾਇਆ। ਇਹ ਅਹੁਦਾ ਵੀ ਸੁਖਦੇਵ ਸਿੰਘ ਢੀਂਡਸਾ ਲਈ ਵਿਸ਼ੇਸ਼ ਤੌਰ ‘ਤੇ ਬਣਾਇਆ ਗਿਆ ਸੀ। ਅਹੁਦੇ ਪ੍ਰਾਪਤ ਕਰਨੇ ਔਖੇ ਨਹੀਂ ਹੁੰਦੇ ਪ੍ਰੰਤੂ ਇਨ੍ਹਾਂ ਅਹੁਦਿਆਂ ਦੀ ਸ਼ਾਲੀਨਤਾ ਨੂੰ ਬਣਾਈ ਰੱਖਣਾ ਅਸੰਭਵ ਹੁੰਦਾ ਹੈ। ਉਨ੍ਹਾਂ ਇਨ੍ਹਾਂ ਅਹੁਦਿਆਂ ਦੀ ਮਾਣਤਾ ਵਧਾਈ। ਸਿਆਸਤ ਵਿੱਚ ਵਾਦ-ਵਿਵਾਦ ਸਿਆਸਤਦਾਨਾ ਦਾ ਖਹਿੜਾ ਨਹੀਂ ਛੱਡਦੇ, ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਆਪਣੇ ਲੰਬੇ 65 ਸਾਲ ਦੇ ਸਿਆਸੀ ਕੈਰੀਅਰ ਵਿੱਚ ਸਾਰੀ ਉਮਰ ਕਿਸੇ ਵਾਦ-ਵਿਵਾਦ ਵਿਚ ਨਹੀਂ ਪਏ। ਉਨ੍ਹਾਂ ਦੀ ਵਿਲੱਖਣਤਾ ਇਹ ਹੈ ਕਿ ਇਤਨੇ ਲੰਮੇ ਸਿਆਸੀ ਕੈਰੀਅਰ ਵਿਚ ਜਦੋਂ ਕਿ ਉਹ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਵੀ ਮੰਤਰੀ ਰਹੇ ਅਤੇ ਮਹੱਤਵਪੂਰਨ ਖੇਡ ਸੰਸਥਾਵਾਂ ਦੇ ਮੁਖੀ ਰਹੇ, ਪ੍ਰੰਤੂ ਅੱਜ ਤੱਕ ਭਰਿਸ਼ਟਾਚਾਰ ਦਾ ਕੋਈ ਇਲਜ਼ਾਮ ਨਹੀਂ ਲੱਗਿਆ, ਭਾਵ ਆਪਣੀ ਸਿਆਸੀ ਚਿੱਟੀ ਚਾਦਰ ਨੂੰ ਕੋਈ ਦਾਗ਼ ਨਹੀਂ ਲੱਗਣ ਦਿੱਤਾ। ਉਨ੍ਹਾਂ ਨੂੰ ਖੇਡਾਂ ਵਿੱਚ ਵਿਸ਼ੇਸ਼ ਦਿਲਚਸਪੀ ਸੀ ਅਤੇ ਉਹ ਪੰਜਾਬ ਓਲੰਪਿਕ ਐਸੋਸੀਏਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਖੇਡ ਸੰਸਥਾਵਾਂ ਦੇ ਪ੍ਰਧਾਨ ਸਨ, ਜਿਨ੍ਹਾਂ ਵਿੱਚ ਸਾਈਕÇਲੰਗ ਫੈਡਰੇਸ਼ਨ ਆਫ਼ ਇੰਡੀਆ, ਓਲੰਪਿਕ ਐਸੋਸੀਏਸ਼ਨ ਅਤੇ ਪੰਜਾਬ ਬਾਕਸਿੰਗ ਤੇ ਰੋਇੰਗ ਐਸੋਸੀਏਸ਼ਨ ਸ਼ਾਮਲ ਹਨ। ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀਬਾਜ਼ੀ ਤੋਂ ਉਪਰ ਉਠਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਹਲੀਮੀ ਦਾ ਪੁਜਾਰੀ ਹੋਣ ਕਰਕੇ ਸਤਿਕਾਰ ਦਿੰਦੇ ਹਨ। ਕਾਂਗਰਸ ਦੀਆਂ ਸਰਕਾਰਾਂ ਸਮੇਂ ਵੀ ਉਨ੍ਹਾਂ ਨੂੰ ਖੇਡ ਸੰਸਥਾਵਾਂ ਦੇ ਮੁੱਖੀ ਚੁਣਿਆਂ ਜਾਂਦਾ ਰਿਹਾ ਹੈ। ਉਸ ਨੇ ਬਹੁਤ ਸਾਰੇ ਖਿਡਾਰੀਆਂ ਨੂੰ ਸਰਪ੍ਰਸਤੀ ਦਿੱਤੀ ਤੇ ਉਨ੍ਹਾਂ ਖਿਡਾਰੀਆਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਅਕਾਲੀ ਦਲ ਦੇ ਸਕੱਤਰ ਜਨਰਲ ਹੁੰਦੇ ਹੋਏ, ਉਸਨੇ ਕਈ ਮਹੱਤਵਪੂਰਨ ਫ਼ੈਸਲਿਆਂ ਤੇ ਪਾਰਟੀ ਦੀਆਂ ਮੀਟਿੰਗਾਂ ਵਿਚ ਸਰਕਾਰ ਦੀਆਂ ਪੰਥ ਵਿਰੋਧੀ ਨੀਤੀਆਂ ਬਾਰੇ ਕਿੰਤੂ ਪ੍ਰੰਤੂ ਕੀਤਾ, ਬਰਗਾੜੀ ਕਾਂਡ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਜਦੋਂ ਇਹ ਸਾਫ਼ ਹੋ ਗਿਆ ਕਿ ਇਸ ਕਾਂਡ ਵਿਚ ਸਰਕਾਰ ਦੀ ਅਣਗਹਿਲੀ ਹੋਈ ਹੈ ਅਤੇ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਸੱਟ ਵੱਜੀ ਹੈ ਤਾਂ ਉਸਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਸੁਖਦੇਵ ਸਿੰਘ ਢੀਂਡਸਾ ਦੇ ਪਾਰਟੀ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਬਾਅਦ ਹੀ ਬਰਗਾੜੀ ਕਾਂਡ ਵਿਚ ਉਦੋਂ ਦੀ ਸਰਕਾਰ ਅਤੇ ਪਾਰਟੀ ਦੀ ਅਣਗਹਿਲੀ ਦੇ ਇਲਜ਼ਾਮ ਲਗਾਕੇ ਅਕਾਲੀ ਦਲ ਦੇ ਸੀਨੀਅਰ ਮਾਝੇ ਦੇ ਨੇਤਾਵਾਂ ਨੇ ਅਸਤੀਫੇ ਦਿੱਤੇ ਸਨ। ਜਿਸਦੇ ਸਿੱਟੇ ਵਜੋਂ ਅਕਾਲੀ ਦਲ ਦੋਫ਼ਾੜ ਹੋ ਗਿਆ ਹੈ। ਇਸ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਦੀ ਸਰਪ੍ਰਸਤੀ ਕਰ ਰਹੇ ਸਨ। 

   ਸ੍ਰ.ਸੁਖਦੇਵ ਸਿੰਘ ਢੀਂਡਸਾ ਦਾ ਜਨਮ ਪਟਿਆਲਾ ਰਿਆਸਤ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਭਾਵਾਲ ਵਿਖੇ ਇਕ ਸਾਧਾਰਨ ਜੱਟ ਸਿੱਖ ਪਰਿਵਾਰ ਵਿੱਚ ਸ੍ਰ.ਰਤਨ ਸਿੰਘ ਅਤੇ ਮਾਤਾ ਸ਼੍ਰੀਮਤੀ ਲਾਭ ਕੌਰ ਦੇ ਘਰ 9 ਅਪ੍ਰੈਲ 1936 ਨੂੰ ਹੋਇਆ ਸੀ। ਉਸ ਨੇ ਮੁੱਢਲੀ ਸਿੱਖਿਆ ਗੁਰੂ ਨਾਨਕ ਹਾਈ ਸਕੂਲ ਸੰੰਗਰੂਰ ਅਤੇ ਬੀ.ਏ ਦੀ ਡਿਗਰੀ ਰਣਬੀਰ ਕਾਲਜ ਸੰਗਰੂਰ ਤੋਂ ਪਾਸ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਹੀ ਉਸ ਨੇ ਸਿਆਸਤ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਤੇ ਉਹ ਕਾਲਜ ਦੀ ਸਟੂਡੈਂਟਸ ਯੂਨੀਅਨ ਦੇ ਵੀ ਪ੍ਰਧਾਨ ਰਹੇ। ਬੀ.ਏ ਕਰਨ ਤੋਂ ਬਾਅਦ ਥੋੜ੍ਹੀ ਦੇਰ ਲਈ ਰਣਬੀਰ ਕਾਲਜ ਦੀ ਲਾਇਬਰੇਰੀ ਵਿੱਚ ਕੰਮ ਕੀਤਾ। ਸੁਖਦੇਵ ਸਿੰਘ ਢੀਂਡਸਾ ਦਾ ਵਿਆਹ 1962 ਵਿੱਚ ਸ਼੍ਰੀਮਤੀ ਹਰਜੀਤ ਕੌਰ ਨਾਲ ਹੋਇਆ। ਉਨ੍ਹਾਂ ਦਾ ਇੱਕ ਲੜਕਾ ਪ੍ਰਮਿੰਦਰ ਸਿੰਘ ਢੀਂਡਸਾ ਅਤੇ ਦੋ ਲੜਕੀਆਂ ਹਨ। ਉਨ੍ਹਾਂ ਦਾ ਲੜਕਾ ਪ੍ਰਮਿੰਦਰ ਸਿੰਘ ਢੀਂਡਸਾ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਅਤੇ ਸੁਨਾਮ ਹਲਕੇ ਤੋਂ ਵਿਧਾਨਕਾਰ ਰਿਹਾ ਹੈ। ਉਹ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਵਿਤ ਮੰਤਰੀ ਵੀ ਰਿਹਾ ਹੈ ਅਤੇ ਹੁਣ ਅਕਾਲੀ ਦਲ ਦੀ ਸੁਧਾਰ ਲਹਿਰ ਦਾ ਸਰਗਰਮ ਨੇਤਾ ਹੈ। ਉਨ੍ਹਾਂ ਦਾ ਇਕ ਜਵਾਈ ਤੇਜਿੰਦਰਪਾਲ ਸਿੰਘ ਸਿੱਧੂ ਆਈ.ਏ.ਐਸ.ਅਧਿਕਾਰੀ ਸੇਵਾ ਮੁਕਤ ਹੋਇਆ ਹੈ। ਉਹ ਆਪਣੇ ਪਿੱਛੇ ਪਤਨੀ ਹਰਜੀਤ ਕੌਰ, ਸਪੁੱਤਰ ਪ੍ਰਮਿੰਦਰ ਸਿੰਘ ਢੀਂਡਸਾ ਅਤੇ ਦੋ ਲੜਕੀਆਂ ਛੱਡ ਗਏ ਹਨ।

ਉਜਾਗਰ ਸਿੰਘ                                              

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                                

ਮੋਬਾਈਲ-94178 13072

ujagarsingh48@yahoo.com

The Hind Canadian Times

Leave a Reply

Your email address will not be published. Required fields are marked *

Latest News

View All

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

You May Have Missed